ਤਾਜਾ ਖਬਰਾਂ
ਸਾਈਬਰ ਅਪਰਾਧਾਂ ਵਿਰੁੱਧ ਵਿੱਢੀ ਮੁਹਿੰਮ ਅਤੇ ਜਨਤਕ ਸੇਵਾ ਨੂੰ ਸਮਰਪਿਤ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ ਕਰੀਬ 400 ਮੋਬਾਈਲ ਫੋਨ ਰਿਕਵਰ ਕੀਤੇ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਹ ਮੋਬਾਈਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ। ਬਰਾਮਦ ਕੀਤੇ ਗਏ ਇਨ੍ਹਾਂ ਫੋਨਾਂ ਦੀ ਕੁੱਲ ਬਾਜ਼ਾਰੀ ਕੀਮਤ 85 ਲੱਖ ਰੁਪਏ ਤੋਂ ਵਧੇਰੇ ਦੱਸੀ ਜਾ ਰਹੀ ਹੈ।
ਹਾਈਟੈਕ ਪ੍ਰਣਾਲੀ ਨਾਲ ਹੋਈ ਟ੍ਰੈਕਿੰਗ
ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਫੋਨਾਂ ਨੂੰ ਲੱਭਣ ਲਈ ਕੇਂਦਰ ਸਰਕਾਰ ਦੇ CEIR ਪੋਰਟਲ ਦੀ ਮਦਦ ਲਈ ਗਈ ਸੀ। ਇਸ ਹਾਈਟੈਕ ਸਿਸਟਮ ਰਾਹੀਂ ਪੈਨ ਇੰਡੀਆ (ਸਮੁੱਚੇ ਭਾਰਤ) ਪੱਧਰ 'ਤੇ ਮੋਬਾਈਲਾਂ ਨੂੰ ਟ੍ਰੈਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਈ ਮੋਬਾਈਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਵੀ ਬਰਾਮਦ ਕੀਤੇ ਗਏ ਹਨ। ਰਿਕਵਰ ਕੀਤੇ ਗਏ ਫੋਨਾਂ ਵਿੱਚ 13 ਆਈਫੋਨ (iPhone) ਅਤੇ 387 ਵੱਖ-ਵੱਖ ਕੰਪਨੀਆਂ ਦੇ ਐਂਡਰਾਇਡ ਫੋਨ ਸ਼ਾਮਲ ਹਨ।
ਡੇਟਾ ਦੀ ਸੁਰੱਖਿਆ ਸਭ ਤੋਂ ਅਹਿਮ
ਸੀ.ਪੀ. ਭੁੱਲਰ ਨੇ ਕਿਹਾ ਕਿ ਮੋਬਾਈਲ ਗੁੰਮ ਹੋਣ ਨਾਲ ਸਿਰਫ਼ ਆਰਥਿਕ ਨੁਕਸਾਨ ਹੀ ਨਹੀਂ ਹੁੰਦਾ, ਸਗੋਂ ਉਸ ਵਿੱਚ ਮੌਜੂਦ ਨਿੱਜੀ ਡੇਟਾ ਦਾ ਨੁਕਸਾਨ ਸਭ ਤੋਂ ਵੱਡਾ ਹੁੰਦਾ ਹੈ, ਜੋ ਕਿ ਬੇਮੁੱਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਦੋ ਵੱਖ-ਵੱਖ ਮੁਹਿੰਮਾਂ ਦੌਰਾਨ ਪਹਿਲਾਂ 100 ਅਤੇ ਫਿਰ 200 ਮੋਬਾਈਲ ਫੋਨ ਲੋਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਹਨ।
ਸਾਈਬਰ ਸੈੱਲ ਦੀ ਟੀਮ ਨੂੰ ਮਿਲੀ ਸ਼ਾਬਾਸ਼
ਇਸ ਸਫਲ ਕਾਰਵਾਈ ਲਈ ਪੁਲਿਸ ਕਮਿਸ਼ਨਰ ਨੇ ਸਾਈਬਰ ਪੁਲਿਸ ਸਟੇਸ਼ਨ ਸਮੇਤ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਜਵਾਨਾਂ ਦੀ ਸਖ਼ਤ ਮਿਹਨਤ ਸਦਕਾ ਹੀ ਇੰਨੀ ਵੱਡੀ ਗਿਣਤੀ ਵਿੱਚ ਫੋਨ ਰਿਕਵਰ ਕਰਨੇ ਸੰਭਵ ਹੋ ਸਕੇ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦਾ ਮੋਬਾਈਲ ਗੁੰਮ ਹੁੰਦਾ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਜਿੰਨੀ ਜਲਦੀ ਸੂਚਨਾ ਮਿਲੇਗੀ, ਫੋਨ ਨੂੰ ਟ੍ਰੈਕ ਕਰਕੇ ਵਾਪਸ ਮਿਲਣ ਦੀ ਸੰਭਾਵਨਾ ਉੰਨੀ ਹੀ ਜ਼ਿਆਦਾ ਹੋਵੇਗੀ।
Get all latest content delivered to your email a few times a month.