ਤਾਜਾ ਖਬਰਾਂ
ਈਰਾਨ ਅਤੇ ਇਜ਼ਰਾਇਲ ਦਰਮਿਆਨ ਵਧ ਰਹੇ ਤਣਾਅ ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ LPG ਗੈਸ ਸਿਲੰਡਰਾਂ ਦੀ ਸਪਲਾਈ ਪ੍ਰਣਾਲੀ ਵਿੱਚ ਕੁਝ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਨਵੀਆਂ ਹਦਾਇਤਾਂ ਅਨੁਸਾਰ ਹੁਣ ਗੈਸ ਸਿਲੰਡਰ ਦੀ ਡਿਲਿਵਰੀ ਲਈ ਉਪਭੋਗਤਾਵਾਂ ਨੂੰ ਪਹਿਲਾਂ ਆਨਲਾਈਨ ਬੁਕਿੰਗ ਕਰਨੀ ਲਾਜ਼ਮੀ ਹੋਵੇਗੀ। ਬੁਕਿੰਗ ਤੋਂ ਬਾਅਦ ਉਪਭੋਗਤਾਵਾਂ ਨੂੰ ਇੱਕ DAC ਕੋਡ ਜਾਰੀ ਕੀਤਾ ਜਾਵੇਗਾ ਅਤੇ ਇਸ ਕੋਡ ਦੇ ਆਧਾਰ ‘ਤੇ ਹੀ ਸਿਲੰਡਰ ਦੀ ਸਪਲਾਈ ਕੀਤੀ ਜਾਵੇਗੀ।
ਇਸ ਬਦਲਾਅ ਨਾਲ ਗੈਸ ਦੀ ਸਪਲਾਈ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਨਿਯਮਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੈਸ ਏਜੰਸੀਆਂ ਨੇ ਵੀ ਉਪਭੋਗਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ e-KYC ਪ੍ਰਕਿਰਿਆ ਜਲਦੀ ਤੋਂ ਜਲਦੀ ਪੂਰੀ ਕਰਵਾ ਲੈਣ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਿਲੰਡਰ ਲੈਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਕੋਟਕਪੂਰਾ ਦੀਆਂ ਗੈਸ ਏਜੰਸੀਆਂ ਦੇ ਸੰਚਾਲਕਾਂ ਮੁਤਾਬਕ ਪਿਛਲੇ ਦੋ ਤੋਂ ਤਿੰਨ ਦਿਨਾਂ ਤੋਂ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਰੁਕਾਵਟ ਆ ਰਹੀ ਹੈ। ਗੈਸ ਏਜੰਸੀ ਮੈਨੇਜਰ ਸਾਹਿਲ ਬਾਂਸਲ ਨੇ ਦੱਸਿਆ ਕਿ ਜਦੋਂ ਸਪਲਾਈ ਮੁੜ ਸਧਾਰਨ ਹੋਵੇਗੀ, ਤਦੋਂ ਹੀ ਇਸ ਬਾਰੇ ਪੂਰੀ ਤਰ੍ਹਾਂ ਸਪਸ਼ਟ ਜਾਣਕਾਰੀ ਮਿਲ ਸਕੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਘਰੇਲੂ ਗੈਸ ਦੀ ਕੋਈ ਵੱਡੀ ਕਮੀ ਨਹੀਂ ਹੈ ਅਤੇ ਉਪਭੋਗਤਾਵਾਂ ਨੂੰ ਬੁਕਿੰਗ ਕਰਨ ਤੋਂ ਇੱਕ ਤੋਂ ਦੋ ਦਿਨਾਂ ਦੇ ਅੰਦਰ ਸਿਲੰਡਰ ਦੀ ਡਿਲਿਵਰੀ ਦਿੱਤੀ ਜਾ ਰਹੀ ਹੈ। ਹਾਲਾਂਕਿ ਭਵਿੱਖ ਵਿੱਚ ਸਰਕਾਰ ਵੱਲੋਂ ਘਰੇਲੂ ਸਿਲੰਡਰਾਂ ਲਈ ਕੋਟਾ ਤੈਅ ਕਰਨ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਨਵੀਆਂ ਹਦਾਇਤਾਂ ਮੁਤਾਬਕ ਹੁਣ ਘਰੇਲੂ ਉਪਭੋਗਤਾ ਇੱਕ ਸਿਲੰਡਰ ਮਿਲਣ ਤੋਂ ਬਾਅਦ ਘੱਟੋ-ਘੱਟ 25 ਦਿਨਾਂ ਤੱਕ ਨਵੀਂ ਬੁਕਿੰਗ ਨਹੀਂ ਕਰਵਾ ਸਕਣਗੇ, ਜਿਸ ਨਾਲ ਗੈਸ ਦੀ ਵੰਡ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਮਿਲੇਗੀ।
Get all latest content delivered to your email a few times a month.