IMG-LOGO
ਹੋਮ ਪੰਜਾਬ: ਬਰਨਾਲਾ ਦੇ ਪਿੰਡ ਦੁੱਲਮਸਰ 'ਚ ਤਣਾਅ, 70 ਸਾਲਾ ਕਿਸਾਨ ਪੈਟਰੋਲ...

ਬਰਨਾਲਾ ਦੇ ਪਿੰਡ ਦੁੱਲਮਸਰ 'ਚ ਤਣਾਅ, 70 ਸਾਲਾ ਕਿਸਾਨ ਪੈਟਰੋਲ ਦੀ ਬੋਤਲ ਲੈ ਛੱਤ ‘ਤੇ ਚੜ੍ਹਿਆ

Admin User - Mar 11, 2026 05:57 PM
IMG

ਬਰਨਾਲਾ ਜ਼ਿਲ੍ਹੇ ਦੇ ਭਦੌੜ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡ ਦੁੱਲਮਸਰ ਵਿੱਚ ਇੱਕ ਵਿਵਾਦ ਕਾਰਨ ਤਣਾਅਪੂਰਨ ਸਥਿਤੀ ਬਣ ਗਈ। ਇੱਥੇ 70 ਸਾਲਾ ਕਿਸਾਨ ਜੋਗਿੰਦਰ ਸਿੰਘ ਪੈਟਰੋਲ ਅਤੇ ਸਪਰੇ ਦੀ ਬੋਤਲ ਲੈ ਕੇ ਆਪਣੇ ਘਰ ਦੀ ਛੱਤ ‘ਤੇ ਚੜ੍ਹ ਗਿਆ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨਾਲ ਧੱਕੇਸ਼ਾਹੀ ਕੀਤੀ ਗਈ ਤਾਂ ਉਹ ਆਪਣੇ ਉੱਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਵੇਗਾ ਜਾਂ ਸਪਰੇ ਪੀ ਕੇ ਖੁਦਕੁਸ਼ੀ ਕਰ ਲਵੇਗਾ।

ਕਿਸਾਨ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿੱਚ ਪਿਛਲੀਆਂ ਸਰਪੰਚ ਚੋਣਾਂ ਤੋਂ ਬਾਅਦ ਕੁਝ ਲੋਕਾਂ ਨਾਲ ਰੰਜਿਸ਼ ਚੱਲ ਰਹੀ ਹੈ। ਉਸ ਨੇ ਦੋਸ਼ ਲਗਾਇਆ ਕਿ ਪਿੰਡ ਦੇ ਇੱਕ ਵਿਅਕਤੀ ਵੱਲੋਂ ਘਰਾਂ ਦੇ ਵਿਚਕਾਰ ਗਲੀ ਬਣਾਉਣ ਲਈ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਗਈ, ਜਿਸ ਦੇ ਆਧਾਰ ‘ਤੇ ਹੁਣ ਜਬਰਦਸਤੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 1960 ਤੋਂ ਇੱਥੇ ਕਰੀਬ ਸੱਤ ਪਰਿਵਾਰ ਰਹਿ ਰਹੇ ਹਨ ਅਤੇ ਕਦੇ ਵੀ ਗਲੀ ਦਾ ਮਸਲਾ ਨਹੀਂ ਬਣਿਆ, ਪਰ ਹੁਣ ਅਚਾਨਕ ਇਸ ਸਬੰਧੀ ਮਾਰਕਿੰਗ ਕਰਵਾਈ ਜਾ ਰਹੀ ਹੈ।

ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਕਿਸਾਨ ਦੇ ਸਮਰਥਨ ਵਿੱਚ ਔਰਤਾਂ, ਨੌਜਵਾਨ ਅਤੇ ਕਿਸਾਨ ਜਥੇਬੰਦੀਆਂ ਵੀ ਮੌਕੇ ‘ਤੇ ਪਹੁੰਚ ਗਈਆਂ। ਕੁਝ ਔਰਤਾਂ ਵੀ ਸਪਰੇ ਦੀਆਂ ਬੋਤਲਾਂ ਲੈ ਕੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਗਈਆਂ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਜੋਗਿੰਦਰ ਸਿੰਘ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਇਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

ਸਥਿਤੀ ਨੂੰ ਸੰਭਾਲਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਭਾਰੀ ਬੰਦੋਬਸਤ ਕੀਤਾ ਗਿਆ ਹੈ। ਮੌਕੇ ‘ਤੇ ਫਾਇਰ ਬ੍ਰਿਗੇਡ, ਪਾਣੀ ਦੀਆਂ ਗੱਡੀਆਂ, ਐਂਬੂਲੈਂਸ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।

ਇਸ ਸਬੰਧੀ ਤਪਾ ਮੰਡੀ ਦੇ ਤਹਿਸੀਲਦਾਰ ਓਂਕਾਰ ਸਿੰਘ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਮਾਰਕਿੰਗ ਕਰਨ ਲਈ ਟੀਮ ਮੌਕੇ ‘ਤੇ ਪਹੁੰਚੀ ਸੀ, ਪਰ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਜਾਰੀ ਹੈ।

ਡੀਐਸਪੀ ਗੁਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਸਿਵਲ ਪ੍ਰਸ਼ਾਸਨ ਦੀ ਮੰਗ ‘ਤੇ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਅਤੇ ਮਾਮਲੇ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਸੁਲਝਾਉਣ ਲਈ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਵਿਚਕਾਰ ਮੀਟਿੰਗ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.