ਤਾਜਾ ਖਬਰਾਂ
ਦੇਸ਼ ਵਿੱਚ ਹਵਾਈ ਯਾਤਰਾ ਹੁਣ ਪਹਿਲਾਂ ਨਾਲੋਂ ਹੋਰ ਮਹਿੰਗੀ ਹੋ ਗਈ ਹੈ। IndiGo ਅਤੇ Air India ਸਮੇਤ ਕਈ ਵੱਡੀਆਂ ਏਅਰਲਾਈਨਾਂ ਨੇ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਵਾਧੇ ਦਾ ਮੁੱਖ ਕਾਰਨ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿੱਚ ਹੋਇਆ ਤਾਜ਼ਾ ਇਜ਼ਾਫਾ ਦੱਸਿਆ ਜਾ ਰਿਹਾ ਹੈ।
ਘਰੇਲੂ ਉਡਾਣਾਂ ਲਈ ਹੁਣ ਯਾਤਰੀਆਂ ਨੂੰ 300 ਤੋਂ 450 ਰੁਪਏ ਤੱਕ ਵਧੇਰੇ ਭੁਗਤਾਨ ਕਰਨਾ ਪਵੇਗਾ। ਇਸੇ ਤਰ੍ਹਾਂ ਦੁਬਈ, ਸਾਊਦੀ ਅਰਬ ਅਤੇ ਬਹਿਰੀਨ ਵਰਗੇ ਮੱਧ-ਪੂਰਬ ਦੇਸ਼ਾਂ ਲਈ ਟਿਕਟਾਂ 'ਤੇ ਲਗਭਗ 900 ਰੁਪਏ ਤੱਕ ਵਾਧਾ ਕੀਤਾ ਗਿਆ ਹੈ। ਚੀਨ, ਦੱਖਣ-ਪੂਰਬੀ ਏਸ਼ੀਆ ਅਤੇ ਕੁਝ ਅਫਰੀਕੀ ਦੇਸ਼ਾਂ ਲਈ ਯਾਤਰਾ ਕਰਨ ਵਾਲਿਆਂ ਨੂੰ ਕਰੀਬ 1,800 ਰੁਪਏ ਵੱਧ ਦੇਣੇ ਪੈਣਗੇ, ਜਦਕਿ ਯੂਰਪ ਜਾਣ ਵਾਲੀਆਂ ਉਡਾਣਾਂ ਦੀਆਂ ਟਿਕਟਾਂ ਵਿੱਚ ਲਗਭਗ 2,300 ਰੁਪਏ ਤੱਕ ਦਾ ਵਾਧਾ ਹੋਇਆ ਹੈ।
ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਇਸ ਮਹੀਨੇ ਏਵੀਏਸ਼ਨ ਟਰਬਾਈਨ ਫਿਊਲ ਦੀਆਂ ਕੀਮਤਾਂ ਵਿੱਚ ਲਗਭਗ 5,500 ਰੁਪਏ ਪ੍ਰਤੀ ਕਿਲੋਲੀਟਰ ਤੱਕ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਏਅਰਲਾਈਨਾਂ ਨੇ ਫਿਊਲ ਸਰਚਾਰਜ ਲਾਗੂ ਕਰਨ ਦਾ ਫੈਸਲਾ ਕੀਤਾ। ਇਸ ਵਾਧੇ ਨਾਲ ਏਅਰਲਾਈਨ ਕੰਪਨੀਆਂ ਦੀਆਂ ਲਾਗਤਾਂ ਵਿੱਚ ਵੱਡਾ ਇਜ਼ਾਫਾ ਹੋਇਆ ਹੈ।
Indian Oil Corporation (IOCL) ਦੇ ਅਨੁਸਾਰ ਦਿੱਲੀ ਵਿੱਚ ਏਟੀਐਫ ਦੀ ਕੀਮਤ 91,393.39 ਰੁਪਏ ਪ੍ਰਤੀ ਕਿਲੋਲੀਟਰ ਤੋਂ ਵਧ ਕੇ 96,638.14 ਰੁਪਏ ਹੋ ਗਈ ਹੈ। ਇਸ ਕਾਰਨ ਏਅਰਲਾਈਨਾਂ ਨੇ ਟਿਕਟਾਂ 'ਤੇ ਵਾਧੂ ਫਿਊਲ ਸਰਚਾਰਜ ਜੋੜਨਾ ਸ਼ੁਰੂ ਕਰ ਦਿੱਤਾ ਹੈ।
Air India ਅਤੇ Air India Express ਨੇ ਵੀ ਆਪਣੀਆਂ ਉਡਾਣਾਂ ਲਈ ਪੜਾਅਵਾਰ ਫਿਊਲ ਸਰਚਾਰਜ ਲਾਗੂ ਕੀਤਾ ਹੈ। ਪਹਿਲੇ ਪੜਾਅ ਵਿੱਚ 12 ਮਾਰਚ ਤੋਂ ਘਰੇਲੂ ਅਤੇ SAARC ਦੇਸ਼ਾਂ ਲਈ ਉਡਾਣਾਂ 'ਤੇ ਪ੍ਰਤੀ ਟਿਕਟ 399 ਰੁਪਏ ਦਾ ਵਾਧੂ ਫਿਊਲ ਸਰਚਾਰਜ ਲਗਾਇਆ ਗਿਆ ਹੈ।
ਤੇਲ ਕੰਪਨੀਆਂ ਦੇ ਮੁਤਾਬਕ ਮੱਧ-ਪੂਰਬ ਖੇਤਰ ਵਿੱਚ ਤੇਲ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਬਾਲਣ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਜਿਸ ਦਾ ਸਿੱਧਾ ਅਸਰ ਹੁਣ ਹਵਾਈ ਯਾਤਰਾ ਦੀਆਂ ਕੀਮਤਾਂ 'ਤੇ ਵੀ ਪੈ ਰਿਹਾ ਹੈ।
Get all latest content delivered to your email a few times a month.