ਤਾਜਾ ਖਬਰਾਂ
ਪੰਜਾਬ ਵਿੱਚ ਸਾਈਬਰ ਅਪਰਾਧਾਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸਟੇਟ ਸਾਈਬਰ ਕ੍ਰਾਈਮ ਵਿੰਗ ਨੇ ਇੱਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਟੀਮ ਨੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਇੱਕ ਵੱਡੇ ਖੱਚਰ ਖਾਤਾ (Mule Account) ਰੈਕੇਟ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਂਚ ਦੌਰਾਨ ਪਤਾ ਲੱਗਿਆ ਕਿ ਦੋਸ਼ੀ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਬੈਂਕ ਖਾਤੇ ਖੋਲ੍ਹਦੇ ਅਤੇ ਫਿਰ ਉਹ ਖਾਤੇ ਸਾਈਬਰ ਧੋਖਾਧੜੀ ਕਰਨ ਵਾਲੇ ਗਿਰੋਹਾਂ ਨੂੰ ਉਪਲਬਧ ਕਰਵਾਉਂਦੇ ਸਨ। ਇਹ ਖਾਤੇ ਠੱਗੀ ਨਾਲ ਪ੍ਰਾਪਤ ਕੀਤੇ ਗਏ ਪੈਸੇ ਨੂੰ ਲਾਂਡਰ ਕਰਨ ਲਈ ਵਰਤੇ ਜਾਂਦੇ ਸਨ। ਮੁਲਜ਼ਮ ਇਸ ਗੈਰਕਾਨੂੰਨੀ ਗਤੀਵਿਧੀ ਰਾਹੀਂ ਪਿਛਲੇ ਦੋ ਸਾਲਾਂ ਤੋਂ ਕਮਿਸ਼ਨ ਕਮਾ ਰਹੇ ਸਨ।
ਪੁਲਿਸ ਨੇ ਕਾਰਵਾਈ ਦੌਰਾਨ ਵੱਡੀ ਮਾਤਰਾ ਵਿੱਚ ਸਾਮਾਨ ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਬੈਂਕ ਖਾਤਿਆਂ ਵਿੱਚ ਜਮ੍ਹਾ ਲਗਭਗ 20 ਲੱਖ ਰੁਪਏ, 5100 USDT ਦੇ ਕਰੀਬ ਕ੍ਰਿਪਟੋਕਰੰਸੀ, 23 ATM ਕਾਰਡ, 2 ਲੈਪਟਾਪ, 7 ਮੋਬਾਈਲ ਫੋਨ, 5 ਸਿਮ ਕਾਰਡ, ਜਾਅਲੀ KYC ਦਸਤਾਵੇਜ਼, 14 ਚੈੱਕ ਬੁੱਕਾਂ ਅਤੇ ਕਈ ਸਟੈਂਪ ਸ਼ਾਮਲ ਹਨ।
ਇਸ ਮਾਮਲੇ ਸੰਬੰਧੀ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ FIR ਦਰਜ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਰੈਕੇਟ ਦੇ ਹੋਰ ਸਬੰਧਾਂ ਅਤੇ ਨੈੱਟਵਰਕ ਨੂੰ ਬੇਨਕਾਬ ਕਰਨ ਲਈ ਗਹਿਰਾਈ ਨਾਲ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਨੇ ਦੁਹਰਾਇਆ ਹੈ ਕਿ ਉਹ ਸਾਈਬਰ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕਾਂ ਲਈ ਇੱਕ ਸੁਰੱਖਿਅਤ ਡਿਜੀਟਲ ਵਾਤਾਵਰਣ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ।
Get all latest content delivered to your email a few times a month.