ਤਾਜਾ ਖਬਰਾਂ
ਲੁਧਿਆਣਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿਸ ਨੇ ਇਲਾਕੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਭਿਆਨਕ ਟੱਕਰ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਪਿੰਡ ਸ਼ੇਖੂਪੁਰਾ ਦੇ ਨੇੜੇ ਵਾਪਰੀ, ਜਿੱਥੇ ਦੋ ਕਾਰਾਂ ਆਪਸ ਵਿੱਚ ਜ਼ੋਰਦਾਰ ਢੰਗ ਨਾਲ ਟਕਰਾ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ, ਮੋਗਾ ਤੋਂ ਲੁਧਿਆਣਾ ਆ ਰਹੀ ਇੱਕ ਰਿਟਜ਼ ਕਾਰ ਦਾ ਅਚਾਨਕ ਪਿਛਲਾ ਟਾਇਰ ਫਟ ਗਿਆ। ਟਾਇਰ ਫਟਣ ਨਾਲ ਡਰਾਈਵਰ ਕਾਰ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਕਾਰ ਡਿਵਾਈਡਰ ਪਾਰ ਕਰਕੇ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਵਾਹਨਾਂ ਦੇ ਅੱਗਲੇ ਹਿੱਸੇ ਪੂਰੀ ਤਰ੍ਹਾਂ ਤਬਾਹ ਹੋ ਗਏ।
ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਡਰਾਈਵਰ ਗਾਓਦੀਨ (35) ਅਤੇ ਸਿਰਜੰਦੀ (30) ਵਜੋਂ ਹੋਈ ਹੈ। ਇਸ ਤੋਂ ਇਲਾਵਾ, ਪੰਜ ਹੋਰ ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਰਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਸਥਾਨਕ ਲੋਕਾਂ ਨੂੰ ਰਾਡ ਨਾਲ ਖਿੜਕੀਆਂ ਤੋੜਣੀਆਂ ਪਈਆਂ। ਲੋਕਾਂ ਵੱਲੋਂ ਕੀਤੀ ਗਈ ਤੁਰੰਤ ਮਦਦ ਨਾਲ ਜ਼ਖ਼ਮੀਆਂ ਨੂੰ ਬਚਾਇਆ ਗਿਆ।
ਰਿਟਜ਼ ਕਾਰ ਵਿੱਚ ਸਵਾਰ ਹਰਸ਼ਦੀਪ ਸਿੰਘ ਅਤੇ ਦੇਵਕਰਨ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਸਵਿਫਟ ਕਾਰ ਵਿੱਚ ਸਫ਼ਰ ਕਰ ਰਹੇ ਲਾਲਦੀਨ, ਸਿਰਜਾਦੀਨ, ਮਾਮੁਸੈਨ ਅਤੇ ਸ਼ਾਨੂ ਵੀ ਜ਼ਖ਼ਮੀ ਹੋਏ ਹਨ।
ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਸਹੀ ਕਾਰਨਾਂ ਦੀ ਪੁਸ਼ਟੀ ਲਈ ਅਗਲੀ ਕਾਰਵਾਈ ਜਾਰੀ ਹੈ।
Get all latest content delivered to your email a few times a month.