ਤਾਜਾ ਖਬਰਾਂ
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਦਿਆਂ ਨਵੀਂ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਗਠਿਤ ਇਹ ਕਮੇਟੀ 9 ਅਕਤੂਬਰ 2025 ਨੂੰ ਅੰਮ੍ਰਿਤਸਰ ਦੇ ਫੋਰਟਿਸ ਐਸਕਾਰਟਸ ਹਸਪਤਾਲ ਵਿੱਚ ਹੋਈ ਘੁੰਮਣ ਦੀ ਮੌਤ ਦੇ ਅਸਲ ਕਾਰਨਾਂ ਅਤੇ ਇਲਾਜ ਦੌਰਾਨ ਹੋਈ ਕਥਿਤ ਲਾਪਰਵਾਹੀ ਦੀ ਡੂੰਘਾਈ ਨਾਲ ਪੜਤਾਲ ਕਰੇਗੀ।
ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਸ ਨਵੀਂ ਕਮੇਟੀ ਵਿੱਚ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸੀਨੀਅਰ ਅਧਿਕਾਰੀ, ਫੋਰੈਂਸਿਕ ਮਾਹਿਰ, ਮੈਡੀਸਨ ਅਤੇ ਸਰਜਰੀ ਦੇ ਮਾਹਰ ਡਾਕਟਰ ਸ਼ਾਮਲ ਕੀਤੇ ਗਏ ਹਨ। ਕਮੇਟੀ ਨੂੰ ਹਸਪਤਾਲ ਦੇ ਇਲਾਜ ਪ੍ਰੋਟੋਕੋਲ, ਉਪਲਬਧ ਸਹੂਲਤਾਂ ਅਤੇ ਕੇਸ ਨਾਲ ਸਬੰਧਤ ਹਰ ਬਰੀਕ ਤੱਥ ਦੀ ਜਾਂਚ ਕਰਕੇ 15 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਪੁਰਾਣੀ ਜਾਂਚ ਰਿਪੋਰਟ 'ਤੇ ਸਵਾਲ ਚੁੱਕੇ ਸਨ। IMA ਦੇ ਸੂਬਾ ਪ੍ਰਧਾਨ ਡਾ. ਆਰ.ਐਸ. ਸੇਠੀ ਨੇ ਇਤਰਾਜ਼ ਜਤਾਇਆ ਸੀ ਕਿ ਪਿਛਲੀ ਕਮੇਟੀ ਵਿੱਚ ਉਨ੍ਹਾਂ ਦਾ ਕੋਈ ਪ੍ਰਤੀਨਿਧੀ ਸ਼ਾਮਲ ਨਹੀਂ ਸੀ। ਹੁਣ ਨਵੀਂ ਕਮੇਟੀ ਵਿੱਚ IMA ਦੇ ਮੈਂਬਰ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਸੰਗਠਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਨਿਰਪੱਖ ਜਾਂਚ ਦੀ ਉਮੀਦ ਪ੍ਰਗਟਾਈ ਹੈ।
ਦੱਸਣਯੋਗ ਹੈ ਕਿ ਵਰਿੰਦਰ ਘੁੰਮਣ ਦੇ ਪਿਤਾ ਭੂਪੇਂਦਰ ਸਿੰਘ ਦੀ ਸ਼ਿਕਾਇਤ 'ਤੇ ਬਣਾਈ ਗਈ SIT ਦੀ ਮੁੱਢਲੀ ਰਿਪੋਰਟ ਦੇ ਆਧਾਰ 'ਤੇ ਪੁਲਿਸ ਨੇ ਪਹਿਲਾਂ ਹੀ ਹਸਪਤਾਲ ਦੇ ਚਾਰ ਸੀਨੀਅਰ ਡਾਕਟਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੋਇਆ ਹੈ। ਇਹਨਾਂ ਵਿੱਚ:
ਆਰਥੋਪੀਡਿਕ ਸਰਜਨ ਡਾ. ਤਾਪਿਸ਼ ਸ਼ੁਕਲਾ
ਅਨੱਸਥੀਸੀਆ ਮਾਹਰ ਡਾ. ਅਲਕਾ ਤਿਵਾੜੀ
ਵਿਭਾਗ ਮੁਖੀ ਡਾ. ਰਾਜਿੰਦਰ ਕੌਰ
ਕਾਰਡੀਓਲੋਜੀ ਸਲਾਹਕਾਰ ਡਾ. ਅਰੁਣ ਕੁਮਾਰ ਚੋਪੜਾ ਦੇ ਨਾਮ ਸ਼ਾਮਲ ਹਨ।
ਵਰਿੰਦਰ ਘੁੰਮਣ ਨੂੰ 9 ਅਕਤੂਬਰ 2025 ਨੂੰ ਮੋਢੇ ਦੀ ਮਾਮੂਲੀ ਸੱਟ ਦੀ ਸਰਜਰੀ ਲਈ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਇੱਕ ਛੋਟੇ ਜਿਹੇ ਅਪਰੇਸ਼ਨ ਦੌਰਾਨ ਡਾਕਟਰਾਂ ਦੀ ਵੱਡੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ। SIT ਦੀ ਪਿਛਲੀ ਰਿਪੋਰਟ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਅਪਰੇਸ਼ਨ ਦੌਰਾਨ ਤੈਅਸ਼ੁਦਾ ਮੈਡੀਕਲ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ ਸੀ। ਹੁਣ ਨਵੀਂ ਕਮੇਟੀ ਦੀ ਰਿਪੋਰਟ ਤੈਅ ਕਰੇਗੀ ਕਿ ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀ ਹੋਵੇਗੀ।
Get all latest content delivered to your email a few times a month.