ਤਾਜਾ ਖਬਰਾਂ
ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਤੋਂ ਇੱਕ ਬੇਹੱਦ ਹੈਰਾਨੀਜਨਕ ਅਤੇ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਸਾਲ 2024 ਵਿੱਚ ਆਪਣੀ ਪਤਨੀ ਨਾਲ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਦੁਬਈ ਗਏ 28 ਸਾਲਾ ਨੌਜਵਾਨ ਲਖਬੀਰ ਸਿੰਘ ਦੇ ਲਾਪਤਾ ਹੋਣ ਅਤੇ ਹੁਣ ਉਸ ਦਾ 'ਡੈੱਥ ਸਰਟੀਫਿਕੇਟ' ਸਾਹਮਣੇ ਆਉਣ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੀੜਤ ਪਿਤਾ ਨੇ ਆਪਣੀ ਨੂੰਹ 'ਤੇ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਲਾਉਂਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਮ੍ਰਿਤਕ ਦੇ ਪਿਤਾ ਦੇਸਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਕਤੂਬਰ 2023 ਵਿੱਚ ਲਖਬੀਰ ਦਾ ਵਿਆਹ ਕਵਲਦੀਪ ਕੌਰ ਨਾਲ ਕੀਤਾ ਸੀ। ਲਖਬੀਰ ਇੱਕ ਰਾਸ਼ਟਰੀ ਪੱਧਰ ਦਾ ਵਾਲੀਬਾਲ ਖਿਡਾਰੀ ਸੀ। ਉਸ ਨੂੰ ਅਤੇ ਉਸ ਦੀ ਪਤਨੀ ਨੂੰ ਰੁਜ਼ਗਾਰ ਲਈ ਇਟਲੀ ਭੇਜਣ ਵਾਸਤੇ ਪਰਿਵਾਰ ਨੇ ਆਪਣੀ ਜ਼ਮੀਨ ਵੇਚ ਕੇ ਇੱਕ ਏਜੰਟ ਨੂੰ 18 ਲੱਖ ਰੁਪਏ ਦਿੱਤੇ ਸਨ। ਅਪ੍ਰੈਲ 2024 ਵਿੱਚ ਦੋਵੇਂ ਦੁਬਈ ਪਹੁੰਚੇ, ਪਰ ਉੱਥੇ ਏਜੰਟ ਪੈਸੇ ਲੈ ਕੇ ਫ਼ਰਾਰ ਹੋ ਗਿਆ।
ਪਿਤਾ ਅਨੁਸਾਰ, ਸਤੰਬਰ 2024 ਵਿੱਚ ਜਦੋਂ ਉਨ੍ਹਾਂ ਨੇ ਭਾਰਤ ਵਾਪਸ ਆਉਣਾ ਸੀ, ਤਾਂ ਵਾਪਸੀ ਤੋਂ ਇੱਕ ਦਿਨ ਪਹਿਲਾਂ ਲਖਬੀਰ ਦੇ ਦੋਸਤ ਨੇ ਦੱਸਿਆ ਕਿ ਕਵਲਦੀਪ ਉਸ ਨੂੰ ਜ਼ਬਰਦਸਤੀ ਬਾਹਰ ਲੈ ਕੇ ਗਈ ਸੀ। ਉਸ ਰਾਤ ਕਵਲਦੀਪ ਇਕੱਲੀ ਵਾਪਸ ਆਈ ਅਤੇ ਲਖਬੀਰ ਦੇ ਲਾਪਤਾ ਹੋਣ ਦੀ ਗੱਲ ਕਹੀ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਵਾਪਸ ਆਉਣ ਤੋਂ ਬਾਅਦ ਕਵਲਦੀਪ ਆਪਣੇ ਸਹੁਰੇ ਘਰ ਜਾਣ ਦੀ ਬਜਾਏ ਮਾਪਿਆਂ ਦੇ ਘਰ ਚਲੀ ਗਈ ਅਤੇ ਤਲਾਕ ਦਾ ਕੇਸ ਦਾਇਰ ਕਰ ਦਿੱਤਾ।
ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਦੀ ਨੂੰਹ ਨੇ ਪਿੰਡ ਦੇ ਸਰਪੰਚ ਰਾਹੀਂ ਲਖਬੀਰ ਦਾ ਡੈੱਥ ਸਰਟੀਫਿਕੇਟ ਭੇਜਿਆ ਹੈ। ਪਿਤਾ ਦੇਸਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਭਰੋਸਾ ਨਹੀਂ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਾ ਹੈ ਜਾਂ ਨਹੀਂ। ਇਸ ਦੌਰਾਨ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਨੂੰਹ ਨੇ ਦੂਜਾ ਵਿਆਹ ਵੀ ਕਰਵਾ ਲਿਆ ਹੈ।
ਲਖਬੀਰ ਸਿੰਘ ਦੇ ਪਰਿਵਾਰ ਵਿੱਚ ਦੋ ਭਰਾ ਅਤੇ ਇੱਕ ਭੈਣ ਹਨ, ਜਿਨ੍ਹਾਂ ਵਿੱਚੋਂ ਇੱਕ ਭਰਾ ਇਟਲੀ ਵਿੱਚ ਰਹਿੰਦਾ ਹੈ। ਪਰਿਵਾਰ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਦੁਬਈ ਵਿੱਚ ਲਖਬੀਰ ਨਾਲ ਅਸਲ ਵਿੱਚ ਕੀ ਵਾਪਰਿਆ ਅਤੇ ਇਸ ਪਿੱਛੇ ਕਿਸ ਦੀ ਸਾਜ਼ਿਸ਼ ਹੈ।
Get all latest content delivered to your email a few times a month.