ਤਾਜਾ ਖਬਰਾਂ
ਨੇਪਾਲ ਵਿੱਚ ਸੱਤਾ ਪਰਿਵਰਤਨ ਦੇ ਨਾਲ ਹੀ ਸਿਆਸੀ ਭੂਚਾਲ ਆ ਗਿਆ ਹੈ। ਨਵੇਂ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦੇ ਅਹੁਦਾ ਸੰਭਾਲਦਿਆਂ ਹੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਓਲੀ ਦੇ ਨਾਲ-ਨਾਲ ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਰ 'ਤੇ ਵੀ ਸ਼ਿਕੰਜਾ ਕੱਸਿਆ ਗਿਆ ਹੈ। ਕਾਠਮੰਡੂ ਵੈਲੀ ਪੁਲਿਸ ਨੇ ਅੱਜ ਤੜਕੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਗ੍ਰਿਫਤਾਰੀਆਂ ਪਿਛਲੇ ਸਾਲ ਹੋਏ ਖ਼ੂਨੀ 'ਜਨਰਲ-ਜੀ' ਵਿਰੋਧ ਪ੍ਰਦਰਸ਼ਨਾਂ ਨਾਲ ਜੁੜੀਆਂ ਹੋਈਆਂ ਹਨ। ਸਤੰਬਰ ਵਿੱਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਉੱਠੀ ਜਨਤਕ ਲਹਿਰ ਦੌਰਾਨ ਭੜਕੀ ਹਿੰਸਾ ਵਿੱਚ 70 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਇੱਕ ਉੱਚ-ਪੱਧਰੀ ਜਾਂਚ ਕਮਿਸ਼ਨ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਉਸ ਸਮੇਂ ਦੀ ਓਲੀ ਸਰਕਾਰ ਨੂੰ ਸਥਿਤੀ ਸੰਭਾਲਣ ਵਿੱਚ ਨਾਕਾਮ ਅਤੇ ਲਾਪਰਵਾਹ ਕਰਾਰ ਦਿੱਤਾ ਹੈ। ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਹੀ ਨਵੀਂ ਸਰਕਾਰ ਨੇ ਇਨ੍ਹਾਂ ਆਗੂਆਂ ਵਿਰੁੱਧ ਕਾਰਵਾਈ ਦਾ ਫੈਸਲਾ ਲਿਆ ਹੈ।
ਜਿੱਥੇ ਇੱਕ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਬਿਨਾਂ ਕਿਸੇ ਪੱਖਪਾਤ ਦੇ ਸਿਰਫ਼ ਕਾਨੂੰਨ ਅਨੁਸਾਰ ਕੀਤੀ ਗਈ ਹੈ, ਉੱਥੇ ਹੀ ਕੇਪੀ ਸ਼ਰਮਾ ਓਲੀ ਨੇ ਇਸ ਨੂੰ 'ਸਿਆਸੀ ਬਦਲਾਖੋਰੀ' ਦੱਸਿਆ ਹੈ। ਓਲੀ ਨੇ ਹਿਰਾਸਤ ਦੌਰਾਨ ਐਲਾਨ ਕੀਤਾ ਕਿ ਉਹ ਇਸ ਬੇਇਨਸਾਫ਼ੀ ਖ਼ਿਲਾਫ਼ ਅਦਾਲਤ ਵਿੱਚ ਕਾਨੂੰਨੀ ਲੜਾਈ ਲੜਨਗੇ।
ਜਾਂਚ ਰਿਪੋਰਟ ਵਿੱਚ ਸਿਰਫ਼ ਗ੍ਰਿਫਤਾਰੀ ਦੀ ਹੀ ਗੱਲ ਨਹੀਂ ਕੀਤੀ ਗਈ, ਸਗੋਂ ਦੋਸ਼ੀ ਪਾਏ ਜਾਣ 'ਤੇ ਓਲੀ ਅਤੇ ਲੇਖਰ ਸਮੇਤ ਕਈ ਅਧਿਕਾਰੀਆਂ ਨੂੰ 10 ਸਾਲ ਤੱਕ ਦੀ ਕੈਦ ਦੀ ਸਜ਼ਾ ਦੇਣ ਦੀ ਤਜਵੀਜ਼ ਵੀ ਰੱਖੀ ਗਈ ਹੈ। ਇਸ ਘਟਨਾਕ੍ਰਮ ਨੇ ਨੇਪਾਲ ਦੀਆਂ ਸੜਕਾਂ ਤੋਂ ਲੈ ਕੇ ਸੰਸਦ ਤੱਕ ਹਲਚਲ ਤੇਜ਼ ਕਰ ਦਿੱਤੀ ਹੈ।
Get all latest content delivered to your email a few times a month.