ਤਾਜਾ ਖਬਰਾਂ
ਮੱਧ ਪੂਰਬ ਵਿੱਚ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੀ ਜੰਗ ਦਾ ਸਿੱਧਾ ਅਸਰ ਹੁਣ ਪੰਜਾਬ ਦੇ ਪੈਟਰੋਲ ਪੰਪਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਦੇ ਕਈ ਵੱਡੇ ਸ਼ਹਿਰਾਂ ਵਿੱਚ ਤੇਲ ਦੀ ਕਿੱਲਤ ਕਾਰਨ ਹਾਹਾਕਾਰ ਮਚ ਗਈ ਹੈ। ਜਲੰਧਰ ਅਤੇ ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਰਾਣੀ ਬਾਗ ਇਲਾਕੇ ਦੇ ਪੰਪਾਂ 'ਤੇ ਵੀ 'ਸਟਾਕ ਖ਼ਤਮ' ਦੇ ਨੋਟਿਸ ਲੱਗ ਗਏ ਹਨ।
ਪ੍ਰਸ਼ਾਸਨ ਦੀ ਸਖ਼ਤੀ: ਜਮ੍ਹਾਖੋਰੀ ਰੋਕਣ ਲਈ ਐਡਵਾਈਜ਼ਰੀ ਜਾਰੀ
ਤੇਲ ਦੀ ਸੰਭਾਵਿਤ ਕਮੀ ਨੂੰ ਦੇਖਦੇ ਹੋਏ ਮੋਗਾ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਸਖ਼ਤ ਕਦਮ ਚੁੱਕੇ ਹਨ। ਵਿਭਾਗ ਨੇ ਪੈਟਰੋਲ ਪੰਪ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਡਰੰਮਾਂ, ਬੋਤਲਾਂ ਜਾਂ ਕੈਨੀਆਂ ਵਿੱਚ ਡੀਜ਼ਲ ਦੀ ਵਿਕਰੀ ਤੁਰੰਤ ਬੰਦ ਕੀਤੀ ਜਾਵੇ ਤਾਂ ਜੋ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕੇ। ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਤੇਲ ਹੁਣ ਸਿਰਫ਼ ਵਾਹਨਾਂ ਦੀਆਂ ਟੈਂਕੀਆਂ ਵਿੱਚ ਹੀ ਭਰਿਆ ਜਾ ਰਿਹਾ ਹੈ।
ਐਸੋਸੀਏਸ਼ਨ ਵੱਲੋਂ ਵਿਰੋਧ: ਦੂਜੇ ਪਾਸੇ ਪੈਟਰੋਲ ਪੰਪ ਐਸੋਸੀਏਸ਼ਨ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਖੇਤੀਬਾੜੀ ਮੋਟਰਾਂ, ਜਨਰੇਟਰਾਂ ਅਤੇ ਪੰਪਾਂ ਲਈ ਤੇਲ ਲੈ ਕੇ ਜਾਣਾ ਹੁਣ ਮੁਸ਼ਕਲ ਹੋ ਜਾਵੇਗਾ, ਜਿਸ ਨਾਲ ਆਮ ਜਨਤਾ ਵਿੱਚ ਬੇਲੋੜਾ ਡਰ (Panic) ਪੈਦਾ ਹੋਵੇਗਾ।
ਸਰਕਾਰ ਦਾ ਦਾਅਵਾ: ਤੇਲ ਦੀ ਕਮੀ ਨਹੀਂ, ਪਰ LPG 'ਤੇ ਪਿਆ ਅਸਰ
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸੂਬੇ ਵਿੱਚ ਪੈਟਰੋਲ-ਡੀਜ਼ਲ ਦਾ ਲੋੜੀਂਦਾ ਸਟਾਕ ਮੌਜੂਦ ਹੈ। ਹਾਲਾਂਕਿ, ਉਨ੍ਹਾਂ ਮੰਨਿਆ ਕਿ ਅੰਤਰਰਾਸ਼ਟਰੀ ਸਪਲਾਈ ਚੇਨ ਪ੍ਰਭਾਵਿਤ ਹੋਣ ਕਾਰਨ ਵਪਾਰਕ (Commercial) LPG ਦੀ 80 ਫੀਸਦੀ ਘਾਟ ਹੈ। ਫਿਲਹਾਲ ਸਿਰਫ਼ 20 ਫੀਸਦੀ ਸਪਲਾਈ ਨਾਲ ਹਸਪਤਾਲਾਂ ਅਤੇ ਹੋਸਟਲਾਂ ਵਰਗੀਆਂ ਜ਼ਰੂਰੀ ਥਾਵਾਂ ਦੀ ਲੋੜ ਪੂਰੀ ਕੀਤੀ ਜਾ ਰਹੀ ਹੈ। ਰਾਹਤ ਦੀ ਗੱਲ ਇਹ ਹੈ ਕਿ ਪਾਈਪ ਗੈਸ ਦੀ ਸਪਲਾਈ ਨਿਰੰਤਰ ਜਾਰੀ ਹੈ।
ਕੇਂਦਰ ਵੱਲੋਂ ਐਕਸਾਈਜ਼ ਡਿਊਟੀ 'ਚ 10 ਰੁਪਏ ਦੀ ਕਟੌਤੀ
ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 10-10 ਰੁਪਏ ਘਟਾ ਦਿੱਤੀ ਗਈ ਹੈ।
ਪੈਟਰੋਲ: ਡਿਊਟੀ 13 ਰੁਪਏ ਤੋਂ ਘਟ ਕੇ 3 ਰੁਪਏ ਰਹਿ ਗਈ ਹੈ।
ਡੀਜ਼ਲ: ਡਿਊਟੀ 10 ਰੁਪਏ ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ।
ਹਾਲਾਂਕਿ, ਇਸ ਕਟੌਤੀ ਨਾਲ ਖਪਤਕਾਰਾਂ ਲਈ ਕੀਮਤਾਂ ਨਹੀਂ ਘਟਣਗੀਆਂ। ਸਰਕਾਰ ਨੇ ਇਹ ਫੈਸਲਾ ਤੇਲ ਕੰਪਨੀਆਂ ਨੂੰ ਹੋ ਰਹੇ ਨੁਕਸਾਨ ਤੋਂ ਬਚਾਉਣ ਲਈ ਲਿਆ ਹੈ ਤਾਂ ਜੋ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਭਾਰ ਸਿੱਧਾ ਆਮ ਆਦਮੀ ਦੀ ਜੇਬ 'ਤੇ ਨਾ ਪਵੇ।
Get all latest content delivered to your email a few times a month.