IMG-LOGO
ਹੋਮ ਪੰਜਾਬ: ਗ੍ਰਹਿ ਮੰਤਰੀ ਦੇ ਨੱਕ ਹੇਠ ਧਮਾਕੇ, ਫਿਰ ਪੰਜਾਬ 'ਚ ਸ਼ਾਂਤੀ...

ਗ੍ਰਹਿ ਮੰਤਰੀ ਦੇ ਨੱਕ ਹੇਠ ਧਮਾਕੇ, ਫਿਰ ਪੰਜਾਬ 'ਚ ਸ਼ਾਂਤੀ ਕਿਵੇਂ ਲਿਆਵੇਗੀ ਭਾਜਪਾ? ਚੰਨੀ ਨੇ ਖੜ੍ਹੇ ਕੀਤੇ ਗੰਭੀਰ ਸਵਾਲ

Admin User - Apr 03, 2026 12:18 PM
IMG

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਫ਼ਤਰ ‘ਤੇ ਹੋਏ ਗ੍ਰਨੇਡ ਹਮਲੇ ਨੇ ਸੂਬੇ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਜਿੱਥੇ ਇਸ ਹਮਲੇ ਦੀ ਜ਼ਿੰਮੇਵਾਰੀ ਕਥਿਤ ਤੌਰ 'ਤੇ ਖਾਲਿਸਤਾਨੀ ਅੱਤਵਾਦੀ ਸੁਖਜਿੰਦਰ ਸਿੰਘ ਬੱਬਰ ਨੇ ਲਈ ਹੈ, ਉੱਥੇ ਹੀ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇਸ ਘਟਨਾ ਨੂੰ ਲੈ ਕੇ ਭਾਜਪਾ ਅਤੇ ਕੇਂਦਰ ਸਰਕਾਰ ਵਿਰੁੱਧ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ।


ਜਲੰਧਰ ਵਿਖੇ ਆਪਣੇ ਨਵੇਂ ਨਿਵਾਸ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਤਿੱਖੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਿੱਧਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੰਟਰੋਲ ਹੇਠ ਆਉਂਦਾ ਹੈ। ਚੰਨੀ ਨੇ ਇਲਜ਼ਾਮ ਲਾਇਆ, "ਭਾਜਪਾ ਕਹਿੰਦੀ ਹੈ ਕਿ ਸਾਨੂੰ ਪੰਜਾਬ ਵਿੱਚ ਲਿਆਓ ਤਾਂ ਸ਼ਾਂਤੀ ਹੋਵੇਗੀ, ਪਰ ਜਿੱਥੇ ਉਨ੍ਹਾਂ ਦਾ ਆਪਣਾ ਰਾਜ ਹੈ, ਉੱਥੇ ਬੰਬ ਚੱਲ ਰਹੇ ਹਨ। ਜੇਕਰ ਉਹ ਹਿੰਸਾ ਰੋਕਣ ਦੇ ਸਮਰੱਥ ਹਨ ਤਾਂ ਚੰਡੀਗੜ੍ਹ ਵਿੱਚ ਅਸਫਲ ਕਿਉਂ ਹੋਏ? ਕੀ ਇਹ ਘਟਨਾਵਾਂ ਏਜੰਸੀਆਂ ਰਾਹੀਂ ਖ਼ੁਦ ਕਰਵਾਈਆਂ ਜਾ ਰਹੀਆਂ ਹਨ?"


ਸੰਸਦ ਮੈਂਬਰ ਚੰਨੀ ਨੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਦੇ ਵਧਦੇ ਅਧਿਕਾਰ ਖੇਤਰ 'ਤੇ ਵੀ ਉਂਗਲ ਉਠਾਈ। ਉਨ੍ਹਾਂ ਕਿਹਾ ਕਿ ਪਹਿਲਾਂ ਫੌਜ ਅਤੇ ਬੀ.ਐੱਸ.ਐੱਫ. ਦਾ ਦਾਇਰਾ ਸਿਰਫ 5 ਕਿਲੋਮੀਟਰ ਹੁੰਦਾ ਸੀ, ਜਿਸ ਨੂੰ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਹੈ, ਜਿਸ ਵਿੱਚ ਅੱਧਾ ਪੰਜਾਬ ਆ ਜਾਂਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਪੰਜਾਬ ਅਤੇ ਰਾਜਧਾਨੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਇੰਨੀ ਕਿਉਂ ਵਿਗੜ ਰਹੀ ਹੈ?


ਦੂਜੇ ਪਾਸੇ, ਚੰਡੀਗੜ੍ਹ ਧਮਾਕੇ ਤੋਂ ਬਾਅਦ ਪੰਜਾਬ ਭਾਜਪਾ ਨੇ ਹਮਲਾਵਰ ਰੁਖ਼ ਅਖਤਿਆਰ ਕਰ ਲਿਆ ਹੈ। ਜਲੰਧਰ ਦੀਆਂ ਸੜਕਾਂ 'ਤੇ ਉਤਰੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਭਾਜਪਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ ਅਤੇ ਸਰਕਾਰ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋ ਰਹੀ ਹੈ।


ਸੋਸ਼ਲ ਮੀਡੀਆ 'ਤੇ ਸੁਖਜਿੰਦਰ ਸਿੰਘ ਬੱਬਰ ਦੀ ਵਾਇਰਲ ਹੋ ਰਹੀ ਪੋਸਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ। ਚੰਡੀਗੜ੍ਹ ਅਤੇ ਪੰਜਾਬ ਪੁਲਿਸ ਸਾਂਝੇ ਤੌਰ 'ਤੇ ਇਸ ਹਮਲੇ ਦੇ ਸਬੂਤ ਜੁਟਾ ਰਹੀ ਹੈ, ਜਦਕਿ ਸਿਆਸੀ ਦਲ ਇੱਕ-ਦੂਜੇ 'ਤੇ ਦੋਸ਼ ਮੜ੍ਹ ਕੇ ਮਾਹੌਲ ਨੂੰ ਹੋਰ ਭਖਾ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.