ਤਾਜਾ ਖਬਰਾਂ
ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈ ਬਾਰਿਸ਼ ਅਤੇ ਗੜੇਮਾਰੀ ਨੇ ਲੋਕਾਂ ਨੂੰ ਚੜ੍ਹਦੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਕਾਰਨ ਸੂਬੇ ਦੇ ਔਸਤ ਤਾਪਮਾਨ ਵਿੱਚ 0.7 ਡਿੱਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ ਲਗਭਗ 2.6 ਡਿੱਗਰੀ ਘੱਟ ਹੈ। ਖਾਸ ਕਰਕੇ ਪਟਿਆਲਾ ਵਿੱਚ, ਜਿੱਥੇ ਪਾਰਾ 35 ਡਿੱਗਰੀ ਤੱਕ ਪਹੁੰਚ ਗਿਆ ਸੀ, ਹੁਣ ਡਿੱਗ ਕੇ 31 ਡਿੱਗਰੀ ਸੈਲਸੀਅਸ 'ਤੇ ਆ ਗਿਆ ਹੈ।
ਸ਼ਨੀਵਾਰ ਸ਼ਾਮ ਤੋਂ ਸ਼ੁਰੂ ਹੋਇਆ ਮੌਸਮ ਦਾ ਬਦਲਾਅ ਐਤਵਾਰ ਸਵੇਰ ਤੱਕ ਜਾਰੀ ਰਿਹਾ। ਸੂਬੇ ਦੇ ਕਈ ਹਿੱਸਿਆਂ ਵਿੱਚ ਸਵੇਰੇ 3 ਤੋਂ 6 ਵਜੇ ਦੇ ਦਰਮਿਆਨ ਤੇਜ਼ ਬਾਰਿਸ਼ ਹੋਈ। ਮੌਸਮ ਵਿਭਾਗ ਮੁਤਾਬਕ ਅੱਜ (5 ਅਪ੍ਰੈਲ) ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਵਿਭਾਗ ਵੱਲੋਂ ਫਿਲਹਾਲ ਕੋਈ ਵਿਸ਼ੇਸ਼ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਅੰਕੜਿਆਂ ਅਨੁਸਾਰ, ਫਾਜ਼ਿਲਕਾ ਦਾ ਅਬੋਹਰ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਜਿੱਥੇ 20.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ:
ਥੀਨ ਡੈਮ (ਪਠਾਨਕੋਟ): 6.0 ਮਿਲੀਮੀਟਰ
ਅੰਮ੍ਰਿਤਸਰ ਤੇ ਫਿਰੋਜ਼ਪੁਰ: 4.0 ਮਿਲੀਮੀਟਰ
ਰੋਪੜ: 1.0 ਮਿਲੀਮੀਟਰ
ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਵਰਗੇ ਸ਼ਹਿਰ ਦਿਨ ਵੇਲੇ ਸੁੱਕੇ ਰਹੇ, ਪਰ ਰਾਤ ਦੇ ਸਮੇਂ ਇੱਥੇ ਵੀ ਬੱਦਲ ਖੂਬ ਵਰ੍ਹੇ।
ਮੌਸਮ ਮਾਹਿਰਾਂ ਅਨੁਸਾਰ, ਇਸ ਸਮੇਂ ਮੱਧ ਪਾਕਿਸਤਾਨ ਉੱਤੇ ਇੱਕ ਵੈਸਟਰਨ ਡਿਸਟਰਬੈਂਸ (ਪੱਛਮੀ ਗੜਬੜੀ) ਸਰਗਰਮ ਹੈ, ਜਿਸ ਦਾ ਅਸਰ ਪੰਜਾਬ ਦੀਆਂ ਹਵਾਵਾਂ 'ਤੇ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਉੱਤਰੀ ਭਾਰਤ ਦੇ ਉੱਪਰੋਂ ਲਗਭਗ 125 ਗੰਢਾਂ (Knots) ਦੀ ਰਫ਼ਤਾਰ ਨਾਲ ਤੇਜ਼ ਪੱਛਮੀ ਹਵਾਵਾਂ (ਜੈੱਟ ਸਟ੍ਰੀਮ) ਵਗ ਰਹੀਆਂ ਹਨ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ 5 ਅਤੇ 6 ਅਪ੍ਰੈਲ ਨੂੰ ਸੂਬੇ ਵਿੱਚ ਇੱਕਾ-ਦੁੱਕਾ ਥਾਵਾਂ 'ਤੇ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਅਗਲੇ ਦੋ ਦਿਨਾਂ ਵਿੱਚ ਤਾਪਮਾਨ 2-3 ਡਿੱਗਰੀ ਵਧਣ ਦੀ ਉਮੀਦ ਹੈ, ਪਰ 7 ਅਪ੍ਰੈਲ ਤੋਂ ਇੱਕ ਹੋਰ ਨਵਾਂ ਵੈਸਟਰਨ ਡਿਸਟਰਬੈਂਸ ਉੱਤਰ-ਪੱਛਮੀ ਭਾਰਤ ਵਿੱਚ ਦਸਤਕ ਦੇਵੇਗਾ। ਇਸ ਕਾਰਨ 7 ਅਤੇ 8 ਅਪ੍ਰੈਲ ਨੂੰ ਪੰਜਾਬ ਵਿੱਚ ਫਿਰ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਪਾਰਾ ਮੁੜ 3 ਤੋਂ 5 ਡਿੱਗਰੀ ਤੱਕ ਡਿੱਗ ਸਕਦਾ ਹੈ।
Get all latest content delivered to your email a few times a month.