ਤਾਜਾ ਖਬਰਾਂ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਮਾਰਚ ਮਹੀਨੇ ਵਿੱਚ ਲਈਆਂ ਗਈਆਂ 5ਵੀਂ ਅਤੇ 8ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 6 ਮਾਰਚ ਤੋਂ 12 ਮਾਰਚ ਤੱਕ ਚੱਲੀਆਂ ਇਨ੍ਹਾਂ ਪ੍ਰੀਖਿਆਵਾਂ ਵਿੱਚ ਸੂਬੇ ਭਰ ਦੇ ਲੱਖਾਂ ਬੱਚਿਆਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਤਾਜ਼ਾ ਰਿਪੋਰਟਾਂ ਅਨੁਸਾਰ, ਸਿੱਖਿਆ ਬੋਰਡ ਇਸ ਹਫ਼ਤੇ ਨਤੀਜਿਆਂ ਦਾ ਐਲਾਨ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 8ਵੀਂ ਜਮਾਤ ਦਾ ਨਤੀਜਾ 4 ਅਪ੍ਰੈਲ ਅਤੇ 5ਵੀਂ ਜਮਾਤ ਦਾ ਨਤੀਜਾ 8 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ। ਇਸ ਵਾਰ ਵੀ ਬੋਰਡ ਵੱਲੋਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਨਤੀਜੇ ਆਉਣ ਨਾਲ ਮਾਪਿਆਂ ਨੂੰ ਅਗਲੇ ਸੈਸ਼ਨ ਲਈ ਬੱਚਿਆਂ ਦੇ ਦਾਖਲੇ ਅਤੇ ਕਿਤਾਬਾਂ ਦੀ ਖਰੀਦਦਾਰੀ ਕਰਨ ਵਿੱਚ ਸਹੂਲਤ ਮਿਲੇਗੀ।
ਬੋਰਡ ਵੱਲੋਂ ਦੋਵਾਂ ਜਮਾਤਾਂ ਲਈ ਨਤੀਜਾ ਐਲਾਨਣ ਦੀ ਪ੍ਰਕਿਰਿਆ ਵੱਖੋ-ਵੱਖਰੀ ਰੱਖੀ ਗਈ ਹੈ:
8ਵੀਂ ਜਮਾਤ: ਇਸ ਜਮਾਤ ਦਾ ਨਤੀਜਾ ਪੂਰੀ ਤਰ੍ਹਾਂ ਆਨਲਾਈਨ ਹੋਵੇਗਾ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣਾ ਰੋਲ ਨੰਬਰ ਭਰ ਕੇ ਅੰਕ ਦੇਖ ਸਕਣਗੇ।
5ਵੀਂ ਜਮਾਤ: 5ਵੀਂ ਦਾ ਨਤੀਜਾ ਸਕੂਲ ਪੱਧਰ 'ਤੇ ਜਾਰੀ ਕੀਤਾ ਜਾਵੇਗਾ। ਮਾਪਿਆਂ ਨੂੰ ਆਪਣੇ ਬੱਚੇ ਦਾ ਨਤੀਜਾ ਪ੍ਰਾਪਤ ਕਰਨ ਲਈ ਸਬੰਧਤ ਸਕੂਲ ਦੇ ਮੁਖੀ ਜਾਂ ਕਲਾਸ ਇੰਚਾਰਜ ਨਾਲ ਸੰਪਰਕ ਕਰਨਾ ਪਵੇਗਾ।
ਪਿਛਲੇ ਸਾਲ ਪੰਜਾਬ ਦਾ ਨਤੀਜਾ ਸ਼ਾਨਦਾਰ ਰਿਹਾ ਸੀ। 5ਵੀਂ ਜਮਾਤ ਵਿੱਚ 99.54% ਬੱਚੇ ਪਾਸ ਹੋਏ ਸਨ। 8ਵੀਂ ਜਮਾਤ ਵਿੱਚ ਕੁੜੀਆਂ ਨੇ 98.19% ਅੰਕਾਂ ਨਾਲ ਮੁੰਡਿਆਂ (96.49%) ਨੂੰ ਪਛਾੜਿਆ ਸੀ। ਪਿਛਲੀ ਵਾਰ ਪੁਨੀਤ ਵਰਮਾ ਨੇ ਪਹਿਲਾ ਅਤੇ ਨਵਜੋਤ ਕੌਰ ਨੇ ਦੂਜਾ ਸੂਬਾ ਪੱਧਰੀ ਰੈਂਕ ਹਾਸਲ ਕਰਕੇ ਮਾਣ ਵਧਾਇਆ ਸੀ।
ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ, ਹਰ ਵਿਸ਼ੇ ਵਿੱਚ 33 ਪ੍ਰਤੀਸ਼ਤ ਅੰਕ ਲੈਣਾ ਲਾਜ਼ਮੀ ਹੈ। ਹਾਲਾਂਕਿ, ਜੇਕਰ ਕੋਈ ਵਿਦਿਆਰਥੀ ਕਿਸੇ ਕਾਰਨ ਪ੍ਰੀਖਿਆ ਨਹੀਂ ਦੇ ਸਕਿਆ ਜਾਂ ਫੇਲ੍ਹ ਹੋ ਜਾਂਦਾ ਹੈ, ਤਾਂ ਬੋਰਡ ਉਨ੍ਹਾਂ ਲਈ ਸਪਲੀਮੈਂਟਰੀ (ਦੁਬਾਰਾ) ਪ੍ਰੀਖਿਆ ਕਰਵਾਏਗਾ। ਇਸ ਨਾਲ ਵਿਦਿਆਰਥੀਆਂ ਦਾ ਇੱਕ ਸਾਲ ਖ਼ਰਾਬ ਹੋਣ ਤੋਂ ਬਚ ਜਾਵੇਗਾ। ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬੋਰਡ ਦੀ ਵੈੱਬਸਾਈਟ 'ਤੇ ਲਗਾਤਾਰ ਨਜ਼ਰ ਰੱਖਣ।
Get all latest content delivered to your email a few times a month.