ਤਾਜਾ ਖਬਰਾਂ
ਨਵੀਂ ਦਿੱਲੀ: ਜੇਕਰ ਤੁਸੀਂ ਏਅਰ ਇੰਡੀਆ ਰਾਹੀਂ ਹਵਾਈ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਹੁਣ ਤੁਹਾਨੂੰ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪਵੇਗੀ। ਟਾਟਾ ਸਮੂਹ ਦੀ ਅਗਵਾਈ ਵਾਲੀ ਏਅਰਲਾਈਨ ਨੇ 8 ਅਪ੍ਰੈਲ ਤੋਂ ਆਪਣੇ ਫਿਊਲ ਸਰਚਾਰਜ ਢਾਂਚੇ ਵਿੱਚ ਵੱਡਾ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਰੂਟਾਂ 'ਤੇ ਟਿਕਟਾਂ ਮਹਿੰਗੀਆਂ ਹੋ ਜਾਣਗੀਆਂ।
ਏਅਰ ਇੰਡੀਆ ਨੇ ਪਹਿਲਾਂ ਤੋਂ ਚੱਲੇ ਆ ਰਹੇ 'ਫਲੈਟ ਰੇਟ' ਸਿਸਟਮ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਯਾਤਰੀਆਂ ਤੋਂ ਸਫ਼ਰ ਦੀ ਦੂਰੀ ਦੇ ਆਧਾਰ 'ਤੇ ਫਿਊਲ ਸਰਚਾਰਜ ਲਿਆ ਜਾਵੇਗਾ।
500 ਕਿਲੋਮੀਟਰ ਤੱਕ ਦੇ ਸਫ਼ਰ ਲਈ ਹੁਣ 299 ਰੁਪਏ ਵਾਧੂ ਦੇਣੇ ਪੈਣਗੇ।
501 ਤੋਂ 1,000 ਕਿਲੋਮੀਟਰ ਦੀ ਦੂਰੀ ਲਈ ਇਹ ਚਾਰਜ 399 ਰੁਪਏ ਹੋਵੇਗਾ।
1,001 ਤੋਂ 1,500 ਕਿਲੋਮੀਟਰ ਲਈ 549 ਰੁਪਏ ਅਤੇ 1,501 ਤੋਂ 2,000 ਕਿਲੋਮੀਟਰ ਤੱਕ ਦੇ ਸਫ਼ਰ ਲਈ 749 ਰੁਪਏ ਸਰਚਾਰਜ ਤੈਅ ਕੀਤਾ ਗਿਆ ਹੈ।
2,000 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨ ਵਾਲੇ ਮੁਸਾਫ਼ਰਾਂ ਨੂੰ ਸਭ ਤੋਂ ਵੱਧ 899 ਰੁਪਏ ਦਾ ਵਾਧੂ ਬੋਝ ਝੱਲਣਾ ਪਵੇਗਾ।
ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗਲੋਬਲ ਪੱਧਰ 'ਤੇ ਜੈੱਟ ਫਿਊਲ (ATF) ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਫਰਵਰੀ ਦੇ ਅੰਤ ਵਿੱਚ ਤੇਲ ਦੀ ਕੀਮਤ ਲਗਭਗ 99 ਡਾਲਰ ਪ੍ਰਤੀ ਬੈਰਲ ਸੀ, ਜੋ ਮਾਰਚ ਦੇ ਅਖੀਰ ਤੱਕ ਵਧ ਕੇ 195 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ ਹੈ। ਤੇਲ ਦੀਆਂ ਕੀਮਤਾਂ ਵਿੱਚ ਹੋਏ ਇਸ ਲਗਭਗ 100 ਫੀਸਦੀ ਵਾਧੇ ਅਤੇ ਵਧਦੇ ਰਿਫਾਇਨਰੀ ਮਾਰਜਿਨ ਕਾਰਨ ਕੰਪਨੀ ਨੂੰ ਇਹ ਸਖ਼ਤ ਫੈਸਲਾ ਲੈਣਾ ਪਿਆ ਹੈ।
ਸਿਰਫ਼ ਦੇਸ਼ ਦੇ ਅੰਦਰ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਰੂਟਾਂ 'ਤੇ ਵੀ ਫਿਊਲ ਸਰਚਾਰਜ ਵਿੱਚ ਸੋਧ ਕੀਤੀ ਗਈ ਹੈ। ਇਸ ਨਾਲ ਵਿਦੇਸ਼ ਜਾਣ ਵਾਲੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਵੀ ਉਛਾਲ ਆਉਣ ਦੀ ਉਮੀਦ ਹੈ। ਹਵਾਬਾਜ਼ੀ ਮਾਹਿਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਹੁਣ ਆਮ ਆਦਮੀ ਦੇ ਹਵਾਈ ਸਫ਼ਰ ਦੇ ਬਜਟ 'ਤੇ ਪੈ ਰਿਹਾ ਹੈ।
Get all latest content delivered to your email a few times a month.