ਤਾਜਾ ਖਬਰਾਂ
ਜਲੰਧਰ ਪੁਲਿਸ ਨੇ ਖੁਰਲਾ ਕਿੰਗਰਾ ਦੇ ਕੁੱਕੀ ਢਾਬਾ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਹੋਈ ਦਿਨ-ਦਹਾੜੇ ਡਕੈਤੀ ਦੀ ਗੁੱਥੀ ਨੂੰ ਮਹਿਜ਼ 24 ਘੰਟਿਆਂ ਵਿੱਚ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਇੱਕ ਸਾਬਕਾ ਡੀਐਸਪੀ (DSP) ਦਾ ਪੁੱਤਰ ਨਿਕਲਿਆ। ਮੁਲਜ਼ਮ ਨੇ ਨਸ਼ੇ ਦੀ ਪੂਰਤੀ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮਾਮਲੇ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸਿਮਰਜੀਤ ਸਿੰਘ ਉਰਫ਼ ਅਮਰੀਕ ਸਿੰਘ (ਵਾਸੀ ਗ੍ਰੀਨ ਮਾਡਲ ਟਾਊਨ) ਵਜੋਂ ਹੋਈ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਫ਼ਿਲਮੀ ਸਟਾਈਲ ਅਪਣਾਇਆ ਸੀ। ਉਹ ਆਪਣੀ ਐਕਟਿਵਾ ਖਾਂਬਰਾ ਵੱਲ ਲੈ ਗਿਆ, ਜਿੱਥੇ ਉਸਨੇ ਕੱਪੜੇ ਬਦਲੇ ਅਤੇ ਰਸਤਾ ਬਦਲ ਕੇ ਵਾਪਸ ਆਇਆ। ਹਾਲਾਂਕਿ, ਪੁਲਿਸ ਟੀਮ ਨੇ ਇਲਾਕੇ ਦੇ 50 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ, ਜਿਸ ਰਾਹੀਂ ਮੁਲਜ਼ਮ ਦਾ ਪਿੱਛਾ ਕਰਕੇ ਉਸ ਨੂੰ ਦਬੋਚ ਲਿਆ ਗਿਆ।
ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਵਾਰਦਾਤ ਵੇਲੇ ਵਰਤਿਆ ਗਿਆ ਇੱਕ ਰਿਵਾਲਵਰ, ਤਿੰਨ ਜ਼ਿੰਦਾ ਕਾਰਤੂਸ ਅਤੇ ਲੁੱਟੀ ਗਈ ਕੁਝ ਨਕਦੀ ਬਰਾਮਦ ਕਰ ਲਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਨਸ਼ਾ ਤਸਕਰੀ (NDPS) ਨਾਲ ਸਬੰਧਤ ਹੈ। ਪੁਲਿਸ ਅਨੁਸਾਰ ਇਸ ਡਕੈਤੀ ਵਿੱਚ ਇੱਕ ਹੋਰ ਮੁਲਜ਼ਮ ਵੀ ਸ਼ਾਮਲ ਸੀ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਾਬਕਾ ਉੱਚ ਅਧਿਕਾਰੀ ਦਾ ਪੁੱਤਰ ਹੋਣ ਦੇ ਬਾਵਜੂਦ ਸਿਮਰਜੀਤ ਨਸ਼ੇ ਦਾ ਬੁਰੀ ਤਰ੍ਹਾਂ ਆਦੀ ਹੋ ਚੁੱਕਾ ਸੀ। ਨਸ਼ੇ ਦੇ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਹੀ ਉਸਨੇ ਬੈਂਕ ਲੁੱਟਣ ਦੀ ਯੋਜਨਾ ਬਣਾਈ। ਪੁਲਿਸ ਨੇ ਮੁਲਜ਼ਮ ਵਿਰੁੱਧ ਥਾਣਾ ਡਿਵੀਜ਼ਨ ਨੰਬਰ 7 ਵਿੱਚ ਆਈਪੀਸੀ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਬਾਕੀ ਰਕਮ ਬਰਾਮਦ ਕੀਤੀ ਜਾ ਸਕੇ।
Get all latest content delivered to your email a few times a month.