ਤਾਜਾ ਖਬਰਾਂ
ਕੈਨੇਡਾ ਦੀ ਧਰਤੀ 'ਤੇ ਪੱਕੇ ਹੋਣ ਦੀ ਲਾਲਸਾ ਨੇ ਇੱਕ ਹੱਸਦੇ-ਵਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਗਾ ਦਿੱਤਾ ਹੈ। ਲੁਧਿਆਣਾ ਦੇ ਅਮਨ ਨਗਰ ਇਲਾਕੇ ਦੇ ਇੱਕ ਨੌਜਵਾਨ ਨਾਲ ਉਸ ਦੀ ਪਤਨੀ ਵੱਲੋਂ ਪੀ.ਆਰ. ਹਾਸਲ ਕਰਨ ਲਈ ਕਥਿਤ ਤੌਰ 'ਤੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਮਹਿਲਾ, ਉਸ ਦੇ ਪਿਤਾ ਅਤੇ ਭਰਾ ਸਮੇਤ ਚਾਰ ਲੋਕਾਂ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ।
ਜਰਨੈਲ ਸਿੰਘ ਨਾਮੀ ਵਿਅਕਤੀ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਾਨ ਸਿੰਘ, ਜੋ ਕਿ ਪਹਿਲਾਂ ਹੀ ਕੈਨੇਡਾ ਵਿੱਚ ਪੀ.ਆਰ. ਸੀ, ਦਾ ਵਿਆਹ 10 ਫਰਵਰੀ 2024 ਨੂੰ ਕਪੂਰਥਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮਾਨ ਸਿੰਘ ਬੜੇ ਚਾਅ ਨਾਲ ਆਪਣੀ ਪਤਨੀ ਨੂੰ ਕੈਨੇਡਾ ਲੈ ਗਿਆ। ਪਰਿਵਾਰ ਦਾ ਇਲਜ਼ਾਮ ਹੈ ਕਿ ਉੱਥੇ ਪਹੁੰਚ ਕੇ ਜਿਵੇਂ ਹੀ ਅਮਨਦੀਪ ਕੌਰ ਦੀ ਪੀ.ਆਰ. ਪ੍ਰਕਿਰਿਆ ਪੂਰੀ ਹੋਈ, ਉਸ ਨੇ ਆਪਣੇ ਪਤੀ ਨਾਲ ਰਿਸ਼ਤਾ ਤੋੜ ਲਿਆ ਅਤੇ ਉਸ ਨੂੰ ਛੱਡ ਕੇ ਕਿਸੇ ਅਣਪਛਾਤੀ ਥਾਂ 'ਤੇ ਰਹਿਣ ਲੱਗ ਪਈ।
ਪੀੜਤ ਪਿਤਾ ਜਰਨੈਲ ਸਿੰਘ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਅਮਨਦੀਪ ਕੌਰ ਅਤੇ ਉਸ ਦੇ ਪਰਿਵਾਰ ਨੇ ਸਿਰਫ਼ ਵਿਦੇਸ਼ ਵਿੱਚ ਸੈਟਲ ਹੋਣ ਲਈ ਉਨ੍ਹਾਂ ਦੇ ਪੁੱਤਰ ਨੂੰ ਇੱਕ 'ਸੀੜੀ' ਵਜੋਂ ਵਰਤਿਆ ਹੈ। ਜਦੋਂ ਪਤੀ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਮਾਮਲੇ ਵਿੱਚ ਨੂੰਹ ਦੇ ਨਾਲ-ਨਾਲ ਉਸ ਦੇ ਪੇਕੇ ਪਰਿਵਾਰ ਦੀ ਭੂਮਿਕਾ ਨੂੰ ਵੀ ਸ਼ੱਕੀ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੇ ਕਥਿਤ ਤੌਰ 'ਤੇ ਇਸ ਸਾਜ਼ਿਸ਼ ਵਿੱਚ ਸਾਥ ਦਿੱਤਾ।
ਸਲੇਮ ਟਾਬਰੀ ਪੁਲਿਸ ਨੇ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਪਾਇਆ ਕਿ ਮਹਿਲਾ ਨੇ ਸਿਰਫ਼ ਕੈਨੇਡਾ ਵਿੱਚ ਪੱਕੇ ਹੋਣ ਦੇ ਮਕਸਦ ਨਾਲ ਇਹ ਵਿਆਹ ਕਰਵਾਇਆ ਸੀ। ਪੁਲਿਸ ਨੇ ਮੁਲਜ਼ਮ ਮਹਿਲਾ, ਉਸ ਦੇ ਪਿਤਾ ਅਤੇ ਭਰਾ ਸਮੇਤ ਚਾਰ ਵਿਅਕਤੀਆਂ ਵਿਰੁੱਧ ਧੋਖਾਧੜੀ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਇੱਕ ਵਾਰ ਫਿਰ ਪੰਜਾਬ ਵਿੱਚ 'ਆਈਲੈਟਸ ਵਿਆਹਾਂ' ਅਤੇ ਵਿਦੇਸ਼ ਜਾਣ ਦੀ ਹੋੜ ਵਿੱਚ ਟੁੱਟ ਰਹੇ ਸਮਾਜਿਕ ਰਿਸ਼ਤਿਆਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੀ ਹੈ।
Get all latest content delivered to your email a few times a month.