ਤਾਜਾ ਖਬਰਾਂ
ਥਾਣਾ ਘੁਮਾਣ ਦੇ ਅਧੀਨ ਆਉਂਦੇ ਪਿੰਡ ਸੈਰੋਵਾਲ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਪਿਓ-ਪੁੱਤ ਇਨਸਾਫ਼ ਦੀ ਮੰਗ ਨੂੰ ਲੈ ਕੇ ਬਿਜਲੀ ਦੇ ਉੱਚੇ ਟਾਵਰ 'ਤੇ ਚੜ੍ਹ ਗਏ। ਟਾਵਰ 'ਤੇ ਚੜ੍ਹੇ ਹਰਦੇਵ ਸਿੰਘ ਅਤੇ ਹਰਮਨ ਸਿੰਘ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਸਕੂਲ ਪੜ੍ਹਦੇ ਬੇਟੇ ਨੂੰ ਬਿਨਾਂ ਕਿਸੇ ਵਜ੍ਹਾ ਘਰੋਂ ਚੁੱਕ ਲਿਆ ਹੈ ਅਤੇ ਉਨ੍ਹਾਂ 'ਤੇ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਹਰਦੇਵ ਸਿੰਘ ਦੇ ਇੱਕ ਪੁੱਤਰ ਦਾ ਸਕੂਲ ਦੇ ਬਾਹਰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹਰਦੇਵ ਸਿੰਘ ਅਨੁਸਾਰ, ਕਤਲ ਕੇਸ ਦੇ ਮੁਲਜ਼ਮ ਹੁਣ ਉਨ੍ਹਾਂ 'ਤੇ ਗਵਾਹੀ ਨਾ ਦੇਣ ਲਈ ਲਗਾਤਾਰ ਦਬਾਅ ਬਣਾ ਰਹੇ ਹਨ। ਪੀੜਤ ਪਿਤਾ ਨੇ ਦੱਸਿਆ ਕਿ ਬੀਤੇ ਕੱਲ੍ਹ ਜਦੋਂ ਉਹ ਬਟਾਲਾ ਵਿਖੇ ਗਵਾਹੀ ਦੇਣ ਗਏ ਸਨ, ਤਾਂ ਦੂਜੀ ਧਿਰ ਨੇ ਉਨ੍ਹਾਂ ਨਾਲ ਬਹਿਸ ਕੀਤੀ ਅਤੇ ਕੁੱਟਮਾਰ ਵੀ ਕੀਤੀ। ਪਰ ਪੁਲਿਸ ਨੇ ਇਨਸਾਫ਼ ਦੇਣ ਦੀ ਬਜਾਏ ਉਲਟਾ ਹਰਦੇਵ ਸਿੰਘ, ਹਰਮਨ ਸਿੰਘ ਅਤੇ ਹੋਰਨਾਂ ਖ਼ਿਲਾਫ਼ ਹੀ ਝੂਠਾ ਮਾਮਲਾ ਦਰਜ ਕਰ ਲਿਆ।
ਟਾਵਰ 'ਤੇ ਚੜ੍ਹੇ ਪੀੜਤ ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ 'ਤੇ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਤੁਰੰਤ ਰੱਦ ਕੀਤਾ ਜਾਵੇ ਅਤੇ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਉਨ੍ਹਾਂ ਦੇ ਨੌਜਵਾਨ ਪੁੱਤਰ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਹੇਠਾਂ ਨਹੀਂ ਉਤਰਨਗੇ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਘੁਮਾਣ ਦੇ SHO ਹਰਜਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮਾਮਲਾ ਦਰਅਸਲ ਬਟਾਲਾ ਪੁਲਿਸ ਸਟੇਸ਼ਨ ਨਾਲ ਸਬੰਧਤ ਹੈ, ਜਿੱਥੇ ਝਗੜੇ ਤੋਂ ਬਾਅਦ ਕੁਝ ਲੋਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। SHO ਘੁਮਾਣ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਵੱਲੋਂ ਟਾਵਰ 'ਤੇ ਚੜ੍ਹੇ ਪਿਓ-ਪੁੱਤ ਨੂੰ ਹੇਠਾਂ ਉਤਰਨ ਲਈ ਲਗਾਤਾਰ ਮਨਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਉੱਚ ਅਧਿਕਾਰੀਆਂ ਰਾਹੀਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ।
Get all latest content delivered to your email a few times a month.