ਤਾਜਾ ਖਬਰਾਂ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਫ਼ਿਰੋਜ਼ਪੁਰ ਦੇ ਸਾਬਕਾ ਸੰਸਦ ਮੈਂਬਰ ਸਵਰਗੀ ਜ਼ੋਰਾ ਸਿੰਘ ਮਾਨ ਦੇ ਪੁੱਤਰ ਵਰਦੇਵ ਸਿੰਘ ਨੋਨੀ ਮਾਨ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਪੰਚਾਇਤੀ ਚੋਣਾਂ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਨੋਨੀ ਮਾਨ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸ ਫੈਸਲੇ ਤੋਂ ਬਾਅਦ ਉਹ ਤਕਰੀਬਨ ਪੰਜ ਮਹੀਨਿਆਂ ਦੀ ਹਿਰਾਸਤ ਕੱਟਣ ਉਪਰੰਤ ਜੇਲ੍ਹ ਵਿੱਚੋਂ ਬਾਹਰ ਆਉਣਗੇ।
ਜ਼ਿਕਰਯੋਗ ਹੈ ਕਿ ਅਕਤੂਬਰ 2024 ਵਿੱਚ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਜਲਾਲਾਬਾਦ ਦੇ ਪੰਚਾਇਤ ਦਫ਼ਤਰ ਵਿੱਚ ਸਿਆਸੀ ਧਿਰਾਂ ਵਿਚਾਲੇ ਭਾਰੀ ਹੰਗਾਮਾ ਹੋਇਆ ਸੀ। ਇਲਜ਼ਾਮ ਸੀ ਕਿ ਇਸ ਝੜਪ ਦੌਰਾਨ ਚੱਲੀ ਗੋਲੀ ਆਮ ਆਦਮੀ ਪਾਰਟੀ ਦੇ ਆਗੂ ਮਨਦੀਪ ਸਿੰਘ ਬਰਾੜ ਦੀ ਛਾਤੀ ਵਿੱਚ ਲੱਗੀ ਸੀ। ਇਸ ਹਿੰਸਕ ਘਟਨਾ ਤੋਂ ਬਾਅਦ ਪੁਲਿਸ ਨੇ ਨੋਨੀ ਮਾਨ ਵਿਰੁੱਧ ਇਰਾਦਾ-ਏ-ਕਤਲ (ਧਾਰਾ 307) ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਨਵੰਬਰ 2025 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਸ ਮਾਮਲੇ ਵਿੱਚ ਨੋਨੀ ਮਾਨ ਨੇ ਪਹਿਲਾਂ ਫਾਜ਼ਿਲਕਾ ਦੀ ਅਦਾਲਤ ਵਿੱਚ ਜ਼ਮਾਨਤ ਦੀ ਗੁਹਾਰ ਲਗਾਈ ਸੀ, ਪਰ ਦਸੰਬਰ ਵਿੱਚ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈਕੋਰਟ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਣ ਅਕਾਲੀ ਆਗੂ ਨੂੰ ਰਾਹਤ ਦੇ ਦਿੱਤੀ ਹੈ।
ਅਕਾਲੀ ਦਲ ਵੱਲੋਂ ਇਸ ਮਾਮਲੇ ਨੂੰ ਸ਼ੁਰੂ ਤੋਂ ਹੀ ਸਿਆਸੀ ਬਦਲਾਖੋਰੀ ਦੱਸਿਆ ਜਾ ਰਿਹਾ ਸੀ। ਨੋਨੀ ਮਾਨ ਦੇ ਪਰਿਵਾਰ ਦਾ ਕਹਿਣਾ ਸੀ ਕਿ ਉਹ ਕੇਵਲ ਸੱਤਾਧਿਰ ਦੀ ਧੱਕੇਸ਼ਾਹੀ ਦਾ ਵਿਰੋਧ ਕਰ ਰਹੇ ਸਨ। ਦੱਸ ਦਈਏ ਕਿ ਇਸੇ ਮਾਮਲੇ ਵਿੱਚ ਨੋਨੀ ਮਾਨ ਦੇ ਛੋਟੇ ਭਰਾ ਨਰਦੇਵ ਸਿੰਘ ਬੌਬੀ ਮਾਨ ਨੂੰ ਵੀ ਪਹਿਲਾਂ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਸੀ। ਹੁਣ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਜਲਾਲਾਬਾਦ ਅਦਾਲਤ ਵਿੱਚ ਜ਼ਮਾਨਤ ਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਹੋਣ ਮਗਰੋਂ ਉਨ੍ਹਾਂ ਦੀ ਰਿਹਾਈ ਸੰਭਵ ਹੋ ਸਕੇਗੀ।
Get all latest content delivered to your email a few times a month.