ਤਾਜਾ ਖਬਰਾਂ
ਚੰਡੀਗੜ੍ਹ, 10 ਅਪ੍ਰੈਲ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਮਾੜੇ ਵਿੱਤੀ ਪ੍ਰਬੰਧਾਂ ਰਾਹੀਂ ਅਤੇ ਮੁਲਾਜ਼ਮਾਂ ਦੀਆਂ ਤਨਗਾਹਾਂ ਦੇਣ ਵਰਗੇ ਰੋਜ਼ਾਨਾ ਦੇ ਖਰਚੇ ਚਲਾਉਣ ਲਈ ਵੀ ਬੇਲਗਾਮ ਕਰਜ਼ੇ ਲੈ ਕੇ ਅਗਲੀ ਸਰਕਾਰ ਵਾਸਤੇ ਭਾਰੀ ਵਿੱਤੀ ਬੋਝ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਦੇ ਸਕਦੀ, ਉਸਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ।
ਵੜਿੰਗ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੀ ਵਿੱਤੀ ਹਾਲਤ ‘ਤੇ ਵਾਈਟ ਪੇਪਰ ਜਾਰੀ ਕਰਨ ਵਿੱਚ ਨਾਕਾਮ ਰਹਿਣ ਕਾਰਨ ਕਾਂਗਰਸ ਹੁਣ ਆਪ ਸਰਕਾਰ ਖ਼ਿਲਾਫ਼ ਇੱਕ ਵਿਸਥਾਰਪੂਰਕ ਵਿੱਤੀ ਚਾਰਜਸ਼ੀਟ ਲਿਆਏਗੀ ਕਿ ਕਿਵੇਂ ਬਿਨਾਂ ਨਵੇਂ ਸਰੋਤ ਪੈਦਾ ਕੀਤੇ ਫ਼ਜ਼ੂਲ ਖਰਚ ਕਰਕੇ ਸੂਬੇ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਰੇਤ ਦੀ ਮਾਈਨਿੰਗ ਤੋਂ ਹਰ ਸਾਲ 20,000 ਕਰੋੜ ਰੁਪਏ ਦੀ ਆਮਦਨ ਹੋਵੇਗੀ ਅਤੇ ਭ੍ਰਿਸ਼ਟਾਚਾਰ ‘ਚ 30 ਫੀਸਦੀ ਕਮੀ ਕਰਕੇ ਵੱਡੀ ਬਚਤ ਕੀਤੀ ਜਾਵੇਗੀ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਦੋ ਆਪ ਆਗੂਆਂ ਨੇ ਲੋਕਾਂ ਨੂੰ ਇਹ ਭਰੋਸਾ ਦਿਵਾ ਕੇ ਧੋਖਾ ਦਿੱਤਾ ਸੀ ਕਿ ਆਪ ਸਰਕਾਰ ਹਰ ਸਾਲ ਲਗਭਗ ਇੱਕ ਲੱਖ ਕਰੋੜ ਰੁਪਏ ਦੀ ਬਚਤ ਕਰੇਗੀ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਹਕੀਕਤ ਵਿੱਚ ਆਪ ਦੇ ਸ਼ਾਸਨ ਦੌਰਾਨ ਹਾਲਾਤ ਹੋਰ ਖਰਾਬ ਹੋ ਗਏ ਹਨ ਅਤੇ ਸੂਬੇ ਦਾ ਕਰਜ਼ਾ 4 ਲੱਖ ਕਰੋੜ ਰੁਪਏ ਤੋਂ ਵੱਧ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਾਲਤ ਇਹ ਹੈ ਕਿ ਸਰਕਾਰ ਕੋਲ ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਲਈ ਵੀ ਪੈਸਾ ਨਹੀਂ ਹੈ ਅਤੇ ਇਸ ਲਈ ਵੀ ਕਰਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਆਪ ਦੀ ਇੱਕ ਹੋਰ ਸ਼ੱਕੀ ਪ੍ਰਾਪਤੀ ਹੈ, ਜਿਹੜਾ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ।
ਵੜਿੰਗ ਨੇ ਸਰਕਾਰ ਵੱਲੋਂ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦੇਣ ਸਬੰਧੀ ਤਿਆਰੀ ਦੀਆਂ ਖਬਰਾਂ ਦੀ ਨਿੰਦਾ ਕੀਤੀ, ਜਿਸ ਵਿੱਚ 30 ਜੂਨ ਤੱਕ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਡੀਏ ਬਕਾਇਆ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਰਕਾਰ ਅਦਾਲਤ ਦੇ ਅਜਿਹੇ ਹੁਕਮਾਂ ਨੂੰ ਹੀ ਚੁਣੌਤੀ ਦੇ ਰਹੀ ਹੈ, ਜਿਹੜੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਬਕਾਏ ਦੇਣ ਲਈ ਕਹਿੰਦੇ ਹਨ। ਇਹ ਮੁਲਾਜ਼ਮਾਂ ਨੂੰ ਅਦਾਇਗੀ ਲਈ ਸਰਕਾਰ ਕੋਲ ਪੈਸੇ ਨਾ ਹੋਣ ਲਈ ਕਹਿਣ ਵਰਗਾ ਹੈ।
ਵੜਿੰਗ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਭਰੋਸੇਯੋਗ ਜਾਣਕਾਰੀ ਹੈ ਕਿ ਪੰਜਾਬ ਸਰਕਾਰ ਉੱਚ ਵਿਆਜ ਦਰ ‘ਤੇ ਹੋਰ ਕਰਜ਼ੇ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਥੋੜ੍ਹੇ ਸਮੇਂ ਦੀ ਰਾਹਤ ਲਈ ਸਰਕਾਰ ਸੂਬੇ ਦੀ ਆਰਥਿਕ ਸਥਿਰਤਾ ਨੂੰ ਖਤਰੇ ਵਿੱਚ ਪਾ ਰਹੀ ਹੈ ਅਤੇ ਅਗਲੀ ਸਰਕਾਰ ਲਈ ਵੱਡੀਆਂ ਜ਼ਿੰਮੇਵਾਰੀਆਂ ਛੱਡ ਰਹੀ ਹੈ, ਕਿਉਂਕਿ ਉਹ ਜਾਣਦੀ ਹੈ ਕਿ ਉਸਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
Get all latest content delivered to your email a few times a month.