ਤਾਜਾ ਖਬਰਾਂ
ਚੰਡੀਗੜ੍ਹ 10 ਅਪ੍ਰੈਲ 2026-
ਪੰਜਾਬ ਰਾਜ ਵਿੱਚ ਨੇੜੇਲੇ ਭਵਿੱਖ ਵਿੱਚ ਹੋਣ ਵਾਲੀਆਂ 09 ਨਗਰ ਨਿਗਮ (ਬਰਨਾਲਾ, ਬਠਿੰਡਾ, ਅਬੋਹਰ, ਬਟਾਲਾ, ਹੁਸ਼ਿਆਰਪੁਰ, ਕਪੂਰਥਲਾ, ਮੋਗਾ, ਐਸ.ਏ.ਐਸ. ਨਗਰ ਅਤੇ ਪਠਾਨਕੋਟ) ਅਤੇ 104 ਨਗਰ ਕੌਂਸਲ/ ਨਗਰ ਪੰਚਾਇਤ ਦੀਆਂ ਆਮ/ ਉੱਪ ਚੋਣਾਂ, 2026 ਦੇ ਸੰਬਧ ਵਿੱਚ ਰਾਜ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਬਾਬਤ ਰਾਜ ਦੇ ਸਮੂਹ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਭਾਰਤ ਚੋਣ ਕਮਿਸ਼ਨ ਪਾਸੋਂ ਪ੍ਰਾਪਤ ਮੋਜ਼ੂਦਾ ਵੋਟਰ ਸੂਚੀਆਂ ਜ਼ਿਲ੍ਹਿਆਂ ਨੂੰ, ਜਿੱਥੇ-ਜਿੱਥੇ ਨਗਰ ਪਾਲਿਕਾਵਾਂ ਵਿੱਚ ਚੋਣਾਂ ਹੋਣੀਆਂ ਹਨ, ਨੂੰ ਮੁੱਹਈਆ ਕਰਵਾ ਦਿੱਤੀਆਂ ਗਈਆਂ ਹਨ। ਇਹ ਸੁਧਾਈ ਸਥਾਨਕ ਸਰਕਾਰਾਂ ਵਿਭਾਗ ਦੁਆਰਾ ਅੰਤਿਮ ਕੀਤੀ ਗਈ ਹਦਬੰਦੀ ਦੇ ਅਨੁਸਾਰ ਕੀਤੀ ਜਾਵੇਗੀ।
ਸਬੰਧਤ ਨਗਰ ਪਾਲਿਕਾਵਾਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਯੋਗ ਵੋਟਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡਰਾਫਟ ਵੋਟਰ ਸੂਚੀ ਵਿੱਚ ਆਪਣੇ ਨਾਮ ਅਤੇ ਵੇਰਵਿਆਂ ਦੀ ਪੁਸ਼ਟੀ ਕਰਨ, ਜੋਕਿ 15-04-2026 ਨੂੰ ਸਬੰਧਤ ਜ਼ਿਲ੍ਹਿਆਂ ਦੀ ਵੈੱਬਸਾਈਟ ਤੇ ਪਾਈ ਜਾਵੇਗੀ। ਕਮਿਸ਼ਨ ਨੇ ਕਾਨੂੰਨੀ ਤੌਰ 'ਤੇ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ 07 ਦਿਨ ਨਿਰਧਾਰਤ ਕੀਤੇ ਹਨ, ਯਾਨੀ ਕਿ 17-04-2026 ਤੋਂ 23-04-2026 (ਦੋਵੇਂ ਦਿਨ ਸ਼ਾਮਲ ਹਨ)। ਇਸ ਤੋਂ ਇਲਾਵਾ, ਸਮੂਹ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ 20-04-2026 ਅਤੇ 21-04-2026 ਨੂੰ ਵੋਟਰ ਨਾਮਾਂਕਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਦਾਅਵਿਆਂ ਅਤੇ ਇਤਰਾਜ਼ਾਂ, ਜੇਕਰ ਕੋਈ ਹੋਣ, ਦਾ ਨਿਪਟਾਰਾ 30-04-2026 ਤੱਕ ਕੀਤਾ ਜਾਵੇਗਾ, ਅਤੇ ਅੰਤਿਮ ਵੋਟਰ ਸੂਚੀ ਮਿਤੀ 05-05-2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਜ਼ਿਲ੍ਹਿਆਂ ਦੀਆਂ ਵੈੱਬਸਾਈਟ ਤੇ ਵੀ ਆਮ ਜਨਤਾ ਲਈ ਉਪਲਬਧ ਜਾਵੇਗੀ। ਨਵੇਂ ਵੋਟਰਾਂ ਦੇ ਨਾਮਾਂਕਣ ਲਈ ਯੋਗਤਾ ਮਿਤੀ 23-04-2026 ਨਿਰਧਾਰਤ ਕੀਤੀ ਗਈ ਹੈ, ਭਾਵ ਜੇਕਰ ਕੋਈ ਵੀ ਵਿਅਕਤੀ ਮਿਤੀ 23-04-2026 ਨੂੰ 18 ਸਾਲ ਦੀ ਉਮਰ ਦਾ ਹੋ ਜਾਂਦਾ ਹੈ, ਉਹ ਆਪਣੇ ਆਪ ਨੂੰ ਨਾਮਾਂਕਣ ਕਰਵਾਉਣ ਲਈ ਯੋਗ ਹੋਵੇਗਾ।
ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ ਫਾਰਮ (ਫਾਰਮ-7, 8 ਅਤੇ 9) ਸਬੰਧਤ ਐਸ.ਡੀ.ਐਮ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿੱਚ ਉਪਲਬਧ ਹੋਣਗੇ। ਇਸਦੀ ਇੱਕ ਕਾਪੀ ਕਮਿਸ਼ਨ ਦੀ ਵੈੱਬਸਾਈਟ <sec.punjab.gov.in> ਤੋਂ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਫਿਰ ਇਸਨੂੰ ਪੂਰੀ ਤਰ੍ਹਾਂ ਭਰ ਕੇ ਸਬੰਧਤ ਐਸ.ਡੀ.ਐਮ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਈ ਜਾਣੀ ਹੈ।
ਕਮਿਸ਼ਨ ਆਮ ਲੋਕਾਂ ਨੂੰ ਵੋਟਰ ਸੂਚੀ ਦੀ ਸ਼ੁੱਧਤਾ ਅਤੇ ਸਮਾਵੇਸ਼ ਨੂੰ ਯਕੀਨੀ ਬਣਾਉਣ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਾ ਹੈ। ਕਮਿਸ਼ਨ ਸਬੰਧਤ ਨਗਰ ਪਾਲਿਕਾਵਾਂ ਵਿੱਚ ਵੋਟਰ ਸੂਚੀਆਂ ਦੀ ਸੋਧ ਦੀ ਪ੍ਰਕਿਰਿਆ ਦੌਰਾਨ ਯੋਗ ਵੋਟਰ ਆਬਾਦੀ ਦੀ ਸਰਗਰਮ ਭਾਗੀਦਾਰੀ ਦੀ ਉਮੀਦ ਕਰਦਾ ਹੈ।
Get all latest content delivered to your email a few times a month.