ਤਾਜਾ ਖਬਰਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸਮਾਣਾ ਦੇ ਟਾਵਰ ਮੋਰਚੇ ਵਿੱਚ ਪਹੁੰਚ ਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026 ਦੀ ਕਾਪੀ ਸੰਗਤ ਅਤੇ ਮੋਰਚੇ ਦੇ ਆਗੂ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਸੌਂਪੀ। ਇਸ ਮੌਕੇ ਮੋਰਚੇ ਵਿੱਚ ਮੌਜੂਦ ਸੰਗਤ ਵੱਲੋਂ ਜੈਕਾਰਿਆਂ ਨਾਲ ਇਸ ਕਦਮ ਦਾ ਸਵਾਗਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਇਤਿਹਾਸਕ ਅਤੇ ਸ਼ਲਾਘਾਯੋਗ ਦੱਸਿਆ ਗਿਆ। ਸੰਧਵਾਂ ਨੇ ਕਿਹਾ ਕਿ ਇਹ ਬਿੱਲ ਸੰਗਤ ਦੇ ਸਹਿਯੋਗ ਅਤੇ ਅਰਦਾਸਾਂ ਦਾ ਨਤੀਜਾ ਹੈ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਆਪਣਾ ਵਚਨ ਪੂਰਾ ਕੀਤਾ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਇਸ ਬਿੱਲ ਨੂੰ ਜਲਦ ਕਾਨੂੰਨੀ ਰੂਪ ਦੇਣ ਲਈ ਰਾਜਪਾਲ ਤੋਂ ਮਨਜ਼ੂਰੀ ਲੈਣ ਤੱਕ ਸਰਕਾਰ ਪੂਰੀ ਤਰ੍ਹਾਂ ਸਰਗਰਮ ਰਹੇਗੀ ਅਤੇ ਕੋਈ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ। ਸਪੀਕਰ ਨੇ ਸੰਗਤ ਨੂੰ ਅਪੀਲ ਵੀ ਕੀਤੀ ਕਿ ਵੱਡੇ ਹਿੱਤਾਂ ਨੂੰ ਦੇਖਦੇ ਹੋਏ ਭਾਈ ਗੁਰਜੀਤ ਸਿੰਘ ਖ਼ਾਲਸਾ ਹੁਣ ਮੋਰਚੇ ਤੋਂ ਹੇਠਾਂ ਆ ਜਾਣ।
ਸੰਧਵਾਂ ਨੇ ਦੱਸਿਆ ਕਿ ਨਵੇਂ ਸੋਧ ਬਿੱਲ ਵਿੱਚ ਬੇਅਦਬੀ ਦੇ ਮਾਮਲਿਆਂ ਲਈ ਹੋਰ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਅਜਿਹੇ ਅਪਰਾਧਾਂ ‘ਤੇ ਪੂਰੀ ਤਰ੍ਹਾਂ ਰੋਕ ਲੱਗ ਸਕੇ ਅਤੇ ਦੋਸ਼ੀਆਂ ਨੂੰ ਉਮਰ ਕੈਦ ਸਮੇਤ ਕੜੀਆਂ ਸਜ਼ਾਵਾਂ ਮਿਲਣ। ਉਨ੍ਹਾਂ ਕਿਹਾ ਕਿ ਪਿਛਲੇ ਕਾਨੂੰਨਾਂ ਵਿੱਚ ਰਹੀਆਂ ਕਮੀਆਂ ਨੂੰ ਇਸ ਵਾਰ ਦੂਰ ਕੀਤਾ ਗਿਆ ਹੈ ਅਤੇ ਇਹ ਕਾਨੂੰਨ ਫਿਰਕੂ ਸਦਭਾਵਨਾ ਅਤੇ ਸਮਾਜਕ ਇਕਤਾ ਨੂੰ ਮਜ਼ਬੂਤ ਕਰੇਗਾ।
ਇਸ ਮੌਕੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੀ ਕਿਹਾ ਕਿ ਇਸ ਬਿੱਲ ਦੀ ਪਾਸਿੰਗ ਵਿੱਚ ਟਾਵਰ ਮੋਰਚੇ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਗਲਤੀਆਂ ਲਈ ਉਨ੍ਹਾਂ ਨੇ ਮਾਫ਼ੀ ਵੀ ਮੰਗੀ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ, ਜਿਨ੍ਹਾਂ ਨੇ ਇਸ ਕਦਮ ਨੂੰ ਪੰਜਾਬ ਵਿੱਚ ਧਾਰਮਿਕ ਸਤਿਕਾਰ ਅਤੇ ਕਾਨੂੰਨੀ ਕੜਕਾਈ ਵੱਲ ਇੱਕ ਵੱਡਾ ਮੋੜ ਦੱਸਿਆ।
Get all latest content delivered to your email a few times a month.