ਤਾਜਾ ਖਬਰਾਂ
ਛੱਤੀਸਗੜ੍ਹ ਵਿੱਚ ਸਥਿਤ ਵੇਦਾਂਤਾ ਪਾਵਰ ਪਲਾਂਟ ਮੰਗਲਵਾਰ ਸ਼ਾਮ ਨੂੰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਪਲਾਂਟ ਦੇ ਅੰਦਰ ਇੱਕ ਬਾਇਲਰ ਫਟਣ ਕਾਰਨ ਹੋਏ ਜ਼ਬਰਦਸਤ ਧਮਾਕੇ ਵਿੱਚ 14 ਮਜ਼ਦੂਰਾਂ ਦੀ ਜਾਨ ਚਲੀ ਗਈ, ਜਦਕਿ 20 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਖ਼ੌਫ਼ਨਾਕ ਮੰਜ਼ਰ ਨੇ ਪੂਰੇ ਉਦਯੋਗਿਕ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਜ਼ਿਲ੍ਹਾ ਕੁਲੈਕਟਰ ਅਤੇ ਪੁਲਿਸ ਸੁਪਰਡੈਂਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਇਹ ਹਾਦਸਾ ਬਾਇਲਰ ਦੇ ਫੇਲ੍ਹ ਹੋਣ ਕਾਰਨ ਵਾਪਰਿਆ ਮੰਨਿਆ ਜਾ ਰਿਹਾ ਹੈ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦਿੱਤੀ, ਜਿਸ ਤੋਂ ਬਾਅਦ ਪਲਾਂਟ ਦੇ ਅਹਾਤੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਵਿੱਚ ਅਫ਼ਰਾ-ਤਫ਼ਰੀ ਮਚ ਗਈ। ਚਸ਼ਮਦੀਦਾਂ ਅਨੁਸਾਰ, ਧਮਾਕੇ ਤੋਂ ਤੁਰੰਤ ਬਾਅਦ ਭਗਦੜ ਵਰਗੀ ਸਥਿਤੀ ਬਣ ਗਈ ਅਤੇ ਮਜ਼ਦੂਰ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਦੇ ਨਜ਼ਰ ਆਏ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਐਮਰਜੈਂਸੀ ਰਿਸਪਾਂਸ ਟੀਮਾਂ ਹਰਕਤ ਵਿੱਚ ਆ ਗਈਆਂ। ਰਾਹਤ ਕਾਰਜਾਂ ਦੌਰਾਨ ਮੌਕੇ ਤੋਂ ਜ਼ਖਮੀਆਂ ਨੂੰ ਕੱਢ ਕੇ ਤੁਰੰਤ ਨਜ਼ਦੀਕੀ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਡਾਕਟਰੀ ਸੂਤਰਾਂ ਅਨੁਸਾਰ ਕਈ ਮਜ਼ਦੂਰਾਂ ਦੀ ਹਾਲਤ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਹਾਲਾਂਕਿ ਪ੍ਰਸ਼ਾਸਨ ਨੇ ਅਜੇ ਤੱਕ ਹਾਦਸੇ ਦੇ ਅਸਲ ਕਾਰਨਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਪਰ ਮੁੱਢਲੀ ਜਾਂਚ ਬਾਇਲਰ ਵਿੱਚ ਤਕਨੀਕੀ ਨੁਕਸ ਵੱਲ ਇਸ਼ਾਰਾ ਕਰ ਰਹੀ ਹੈ। ਪਲਾਂਟ ਦੇ ਅੰਦਰ ਹੋਏ ਇਸ ਭਾਰੀ ਮਾਲੀ ਅਤੇ ਜਾਨੀ ਨੁਕਸਾਨ ਨੇ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹਾਦਸੇ ਦੀ ਅਸਲੀਅਤ ਸਾਹਮਣੇ ਆ ਸਕੇ।
Get all latest content delivered to your email a few times a month.