ਤਾਜਾ ਖਬਰਾਂ
ਪੰਜਾਬੀ ਅਤੇ ਬਾਲੀਵੁੱਡ ਗਾਇਕ ਮਾਸਟਰ ਸਲੀਮ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਚਰਚਾ ਅਤੇ ਵਿਵਾਦਾਂ ਦਾ ਕੇਂਦਰ ਬਣ ਗਏ ਹਨ। ਨਛੱਤਰ ਗਿੱਲ ਦੇ ਗੀਤ ਦਾ ਮਜ਼ਾਕ ਉਡਾਉਣ ਦੇ ਮਾਮਲੇ ਤੋਂ ਅਜੇ ਮਸਾਂ ਪਿੱਛਾ ਛੁੱਟਿਆ ਹੀ ਸੀ ਕਿ ਹੁਣ ਸਲੀਮ ਨੇ ਆਪਣੇ ਹੀ ਇੱਕ ਪ੍ਰਸਿੱਧ ਗੀਤ ਦੀ ਕੁੱਤੇ ਦੀ ਆਵਾਜ਼ ਵਿੱਚ ਮਿਮਿਕ੍ਰੀ ਕਰਵਾ ਕੇ ਨਵਾਂ ਵਿਵਾਦ ਸਹੇੜ ਲਿਆ ਹੈ। 14 ਅਪ੍ਰੈਲ ਨੂੰ ਵਾਇਰਲ ਹੋਈ ਇਸ ਵੀਡੀਓ ਨੇ ਪ੍ਰਸ਼ੰਸਕਾਂ ਅਤੇ ਆਲੋਚਕਾਂ ਵਿਚਾਲੇ ਨਵੀਂ ਬਹਿਸ ਛੇੜ ਦਿੱਤੀ ਹੈ।
ਵਾਇਰਲ ਹੋ ਰਹੀ ਵੀਡੀਓ ਵਿੱਚ ਮਾਸਟਰ ਸਲੀਮ ਜਲੰਧਰ ਦੇ ਮਸ਼ਹੂਰ ਮਿਮਿਕ੍ਰੀ ਆਰਟਿਸਟ ਦੀਪਕ ਤਿੱਲੀ ਦੇ ਨਾਲ ਨਜ਼ਰ ਆ ਰਹੇ ਹਨ, ਜੋ ਕੁੱਤੇ ਦੀ ਆਵਾਜ਼ ਕੱਢਣ ਲਈ ਜਾਣਿਆ ਜਾਂਦਾ ਹੈ। ਸਲੀਮ ਆਪਣਾ ਹਿੱਟ ਗੀਤ “ਤੂੰ ਬਦਲੀ ਸੌ ਵਾਰ, ਅਸੀਂ ਇੱਕ ਵਾਰ ਨੀਂ ਬਦਲੇ” ਗਾ ਰਹੇ ਹਨ ਅਤੇ ਤਿੱਲੀ ਪਿੱਛੇ ਕੁੱਤੇ ਦੇ ਭੌਂਕਣ ਦੇ ਅੰਦਾਜ਼ ਵਿੱਚ ਉਸੇ ਗੀਤ ਦੀ ਮਿਮਿਕ੍ਰੀ ਕਰ ਰਿਹਾ ਹੈ। ਹਾਲਾਂਕਿ ਇਹ ਵੀਡੀਓ ਸਲੀਮ ਦੇ ਅਧਿਕਾਰਤ ਖਾਤੇ ਤੋਂ ਸਾਂਝੀ ਨਹੀਂ ਕੀਤੀ ਗਈ, ਪਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਇਹ ਤੇਜ਼ੀ ਨਾਲ ਫੈਲ ਰਹੀ ਹੈ।
ਜਿੱਥੇ ਕੁਝ ਲੋਕ ਇਸ ਨੂੰ ਮਜ਼ਾਕ ਵਜੋਂ ਦੇਖ ਰਹੇ ਹਨ, ਉੱਥੇ ਹੀ ਵੱਡੀ ਗਿਣਤੀ ਵਿੱਚ ਯੂਜ਼ਰਸ ਸਲੀਮ ਦੀ ਇਸ ਹਰਕਤ ਤੋਂ ਨਰਾਜ਼ ਨਜ਼ਰ ਆ ਰਹੇ ਹਨ।
ਸਿੰਘ ਦਮਨ ਨਾਮ ਦੇ ਇੱਕ ਯੂਜ਼ਰ ਨੇ ਹੈਰਾਨੀ ਜਤਾਉਂਦਿਆਂ ਲਿਖਿਆ, “ਇਹ ਕੀ ਹੈ?” ਜਦਕਿ ਇੱਕ ਹੋਰ ਯੂਜ਼ਰ ਸਿਮਰਜੀਤ ਨੇ ਤਨਜ਼ ਕੱਸਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਕਾਰਨ ਹੀ ਨਛੱਤਰ ਗਿੱਲ ਵਰਗੇ ਕਲਾਕਾਰ ਨਰਾਜ਼ ਹੁੰਦੇ ਹਨ।
ਕਈ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਸਲੀਮ ਵਰਗੇ ਉੱਚ ਕੋਟੀ ਦੇ ਗਾਇਕ ਤੋਂ ਅਜਿਹੀ ‘ਘਟੀਆ’ ਪੱਧਰ ਦੀ ਪੇਸ਼ਕਾਰੀ ਦੀ ਉਮੀਦ ਨਹੀਂ ਸੀ।
ਮਾਸਟਰ ਸਲੀਮ ਦਾ ਵਿਵਾਦਾਂ ਨਾਲ ਨਾਤਾ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਸੁਰਖੀਆਂ ਵਿੱਚ ਰਹਿ ਚੁੱਕੇ ਹਨ:
ਰੋਸ਼ਨ ਪ੍ਰਿੰਸ ਅਤੇ ਯੁਵਰਾਜ ਹੰਸ ਨਾਲ ਮਿਲ ਕੇ ਨਛੱਤਰ ਗਿੱਲ ਦੇ ਗੀਤ ਦੀ ਨਕਲ ਉਤਾਰਨ ਕਾਰਨ ਉਨ੍ਹਾਂ ਨੂੰ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਪਈ ਸੀ।
ਡੇਰਾ ਮੁਰਾਦ ਸ਼ਾਹ ਦੀ ਤੁਲਨਾ ਮਾਤਾ ਚਿੰਤਪੁਰਨੀ ਨਾਲ ਕਰਨ 'ਤੇ ਵੀ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਚਲਾਨ ਕੱਟਣ ਸਮੇਂ ਪੁਲਿਸ ਮੁਲਾਜ਼ਮਾਂ ਨਾਲ ਉਲਝਣ ਕਾਰਨ ਵੀ ਉਹ ਚਰਚਾ ਵਿੱਚ ਰਹੇ ਸਨ।
ਕਲਾਕਾਰਾਂ ਵੱਲੋਂ ਆਪਣੇ ਹੀ ਫਨ ਦਾ ਇਸ ਤਰ੍ਹਾਂ ਮਜ਼ਾਕ ਉਡਾਉਣਾ ਸੰਗੀਤ ਜਗਤ ਵਿੱਚ ਇੱਕ ਅਜੀਬ ਰੁਝਾਨ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਮਾਸਟਰ ਸਲੀਮ ਇਸ ਵਾਰ ਵੀ ਆਪਣੀ ਸਫਾਈ ਵਿੱਚ ਕੁਝ ਕਹਿੰਦੇ ਹਨ ਜਾਂ ਨਹੀਂ।
Get all latest content delivered to your email a few times a month.