ਤਾਜਾ ਖਬਰਾਂ
ਬਰਨਾਲਾ ਸ਼ਹਿਰ ਵਿੱਚ ਅੱਜ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਇੱਥੋਂ ਦੇ ਅੱਧੀ ਦਰਜਨ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ। ਇਸ ਖ਼ਬਰ ਦੇ ਫੈਲਦਿਆਂ ਹੀ ਸਕੂਲ ਪ੍ਰਬੰਧਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਿਨਾਂ ਦੇਰੀ ਕੀਤੇ ਸਥਿਤੀ ਨੂੰ ਸੰਭਾਲਿਆ ਅਤੇ ਸਕੂਲਾਂ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਵਿੱਢੀ।
ਜਾਣਕਾਰੀ ਅਨੁਸਾਰ ਟੰਡਨ ਇੰਟਰਨੈਸ਼ਨਲ ਸਕੂਲ, ਆਰੀਆ ਭੱਟਾ ਕਾਲਜ ਸਕੂਲ, ਵਾਈਸ ਸਕੂਲ (ਦੋਵੇਂ ਬ੍ਰਾਂਚਾਂ), ਸੈਕਰਡ ਹਾਰਟ ਸਕੂਲ ਅਤੇ ਗੋਬਿੰਦ ਪਬਲਿਕ ਸਕੂਲ ਨੂੰ ਨਿਸ਼ਾਨਾ ਬਣਾ ਕੇ ਧਮਕੀ ਭਰੀਆਂ ਈ-ਮੇਲਾਂ ਭੇਜੀਆਂ ਗਈਆਂ ਸਨ। ਧਮਕੀ ਮਿਲਦੇ ਹੀ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸਕੂਲਾਂ ਨੂੰ ਖਾਲੀ ਕਰਵਾ ਲਿਆ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ ਅਤੇ ਸ਼ਹਿਰ ਵਿੱਚ ਫੈਲੀ, ਚਿੰਤਤ ਮਾਪੇ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਗੇਟਾਂ 'ਤੇ ਇਕੱਠੇ ਹੋ ਗਏ। ਪੁਲਿਸ ਵੱਲੋਂ ਮਾਪਿਆਂ ਨੂੰ ਧੀਰਜ ਰੱਖਣ ਦੀ ਅਪੀਲ ਕੀਤੀ ਗਈ ਅਤੇ ਭਾਰੀ ਸੁਰੱਖਿਆ ਬਲ ਦੀ ਤਾਇਨਾਤੀ ਹੇਠ ਸਕੂਲ ਦੇ ਕੋਨੇ-ਕੋਨੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਘਟਨਾ ਸਥਾਨ 'ਤੇ ਪਹੁੰਚੇ ਐੱਸ.ਐੱਸ.ਪੀ. ਬਰਨਾਲਾ ਅਤੇ ਡਿਪਟੀ ਕਮਿਸ਼ਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵੇਰੇ ਦੋ ਵੱਖ-ਵੱਖ ਈ-ਮੇਲਾਂ ਰਾਹੀਂ 6 ਸਕੂਲਾਂ ਨੂੰ ਧਮਕੀ ਦਿੱਤੀ ਗਈ ਸੀ। ਉਨ੍ਹਾਂ ਕਿਹਾ "ਸਾਰੀਆਂ ਥਾਵਾਂ 'ਤੇ ਐਂਟੀ-ਸਾਬੋਤਾਜ ਚੈਕਿੰਗ ਅਤੇ ਸਰਚ ਆਪ੍ਰੇਸ਼ਨ ਮੁਕੰਮਲ ਕਰ ਲਿਆ ਗਿਆ ਹੈ। ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਕੋਈ ਵੀ ਇਤਰਾਜ਼ਯੋਗ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ। ਇਹ ਸਿਰਫ਼ ਇੱਕ ਅਫਵਾਹ ਸੀ, ਜਿਸ ਦਾ ਮਕਸਦ ਦਹਿਸ਼ਤ ਫੈਲਾਉਣਾ ਸੀ।"
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ। ਪੁਲਿਸ ਦਾ ਸਾਈਬਰ ਸੈੱਲ ਹੁਣ ਇਹ ਪਤਾ ਲਗਾਉਣ ਵਿੱਚ ਜੁਟ ਗਿਆ ਹੈ ਕਿ ਇਹ ਧਮਕੀ ਭਰੀਆਂ ਈ-ਮੇਲਾਂ ਕਿੱਥੋਂ ਅਤੇ ਕਿਸ ਵੱਲੋਂ ਭੇਜੀਆਂ ਗਈਆਂ ਸਨ, ਤਾਂ ਜੋ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।
Get all latest content delivered to your email a few times a month.