IMG-LOGO
ਹੋਮ ਪੰਜਾਬ: ਕੀ ਪੰਜਾਬ ਦੇ ਕਿਸਾਨ ਆਪਣੀ ਕਣਕ ਵੇਚ ਸਕਣਗੇ? - ਵੜਿੰਗ

ਕੀ ਪੰਜਾਬ ਦੇ ਕਿਸਾਨ ਆਪਣੀ ਕਣਕ ਵੇਚ ਸਕਣਗੇ? - ਵੜਿੰਗ

Admin User - Apr 16, 2026 07:45 PM
IMG

ਚੰਡੀਗੜ੍ਹ, 16 ਅਪ੍ਰੈਲ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛਿਆ ਹੈ ਕਿ ਕੀ ਇਸ ਸਾਲ ਸੂਬੇ ਦੇ ਕਿਸਾਨ ਆਪਣੀ ਕਣਕ ਵੇਚ ਸਕਣਗੇ, ਕਿਉਂਕਿ ਖਰੀਦ ਏਜੰਸੀਆਂ ਕਣਕ ਦੇ ਖਰੀਦ ਕਰਨ ਤੋਂ ਹਿਚਕਿਚਾ ਰਹੀਆਂ ਹਨ, ਜਿਨ੍ਹਾਂ ਪਿੱਛੇ ਛਿਪੇ ਕਾਰਨ ਸਭ ਜਾਣਦੇ ਹਨ।

ਵੜਿੰਗ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਸੂਬੇ ਭਰ ਤੋਂ ਖਬਰਾਂ ਮਿਲ ਰਹੀਆਂ ਹਨ ਕਿ ਖਰੀਦ ਏਜੰਸੀਆਂ ਵੱਖ-ਵੱਖ ਬਹਾਨਿਆਂ ਨਾਲ ਕਣਕ ਖਰੀਦਣ ਤੋਂ ਕਤਰਾਂ ਰਹੀਆਂ ਹਨ। ਇਸ ਕਾਰਨ ਜ਼ਿਆਦਾਤਰ ਕਿਸਾਨ ਮੰਡੀਆਂ ਵਿੱਚ ਫਸੇ ਹੋਏ ਹਨ, ਕਿਉਂਕਿ ਉਨ੍ਹਾਂ ਦੀ ਫਸਲ ਲਈ ਖਰੀਦਦਾਰ ਨਹੀਂ ਮਿਲ ਰਹੇ।


ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਫਸਲ ਵਿੱਚ ਕੁਝ ਸਮੱਸਿਆਵਾਂ ਹਨ, ਪਰ ਇਹ ਪਹਿਲੀ ਵਾਰ ਹੋਈ ਕੋਈ ਅਜਿਹੀ ਗੱਲ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਸੁਲਝਾਉਂਦੀਆਂ ਰਹੀਆਂ ਹਨ ਅਤੇ ਖਰੀਦ ਏਜੰਸੀਆਂ ਨੂੰ ਬੇਵਜ੍ਹਾ ਇਤਰਾਜ਼ ਨਾ ਕਰਨ ਲਈ ਕਿਹਾ ਜਾਂਦਾ ਸੀ।


ਉਨ੍ਹਾਂ ਨੇ ਖੁਲਾਸਾ ਕੀਤਾ ਕਿ ਗੁਆਂਢੀ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਨੇ ਪਹਿਲਾਂ ਹੀ ਵੱਖ-ਵੱਖ ਮਿਆਰਾਂ ਵਿੱਚ ਛੂਟ ਲੈ ਲਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵੱਲੋਂ ਕੇਂਦਰ ਸਰਕਾਰ ਅੱਗੇ ਇਹ ਮਸਲਾ ਉਠਾਉਣ ਲਈ ਕੋਈ ਨਹੀਂ ਸੀ, ਜਿਸ ਕਾਰਨ ਏਜੰਸੀਆਂ ਨੂੰ ਮਿਆਰਾਂ ਵਿੱਚ ਢਿੱਲ ਦੇਣ ਲਈ ਕੋਈ ਹੁਕਮ ਨਹੀਂ ਮਿਲਿਆ। ਇਸਦੇ ਨਤੀਜੇ ਵਜੋਂ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਮੁਸ਼ਕਿਲ ਆ ਰਹੀ ਹੈ ਅਤੇ ਉਹ ਕਈ ਦਿਨਾਂ ਤੋਂ ਮੰਡੀਆਂ ਵਿੱਚ ਫਸੇ ਹੋਏ ਹਨ।


ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿੱਥੇ ਕੇਂਦਰੀ ਏਜੰਸੀਆਂ ਕੁਝ ਮਿਆਰਾਂ ਨੂੰ ਅਧਾਰ ਬਣਾ ਕੇ ਖਰੀਦ ਵਿੱਚ ਦੇਰੀ ਕਰ ਰਹੀਆਂ ਹਨ, ਉੱਥੇ ਹੀ ਸੂਬੇ ਦੀਆਂ ਏਜੰਸੀਆਂ ਵੀ ਕਣਕ ਖਰੀਦਣ ਤੋਂ ਪਾਸਾ ਵੱਟ ਰਹੀਆਂ ਹਨ, ਕਿਉਂਕਿ  ਇਹਨਾਂ ਕੋਲ ਕਣਕ ਨੂੰ ਰੱਖਣ ਲਈ ਲੋੜੀਂਦੀ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ‘ਆਪ’ ਸਰਕਾਰ ਦੀ ਖਰੀਦ ਲਈ ਪਹਿਲਾ ਤੋਂ ਤਿਆਰੀ ਕਰਨ ਵਿੱਚ ਇੱਕ ਹੋਰ ਨਾਕਾਮੀ ਨੂੰ ਦਰਸਾਉਂਦਾ ਹੈ। ਉਹਨਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਇਹ ਇੱਕ ਆਮ ਪ੍ਰਕਿਰਿਆ ਹੁੰਦੀ ਹੈ ਅਤੇ ਅਜਿਹਾ ਨਾ ਕਰਨਾ ਜਿੰਮੇਵਾਰ ਲੋਕਾਂ ਦੀ ਗੰਭੀਰ ਅਪਰਾਧਿਕ ਲਾਪਰਵਾਹੀ ਹੈ।


ਵੜਿੰਗ ਨੇ ਯਾਦ ਦਿਵਾਇਆ ਕਿ ਕਾਂਗਰਸ ਦੇ ਸਮੇਂ ਕਿਸਾਨਾਂ ਨੂੰ ਆਪਣੀ ਕਣਕ ਅਤੇ ਝੋਨੇ ਦੀ ਫ਼ਸਲ ਵੇਚਣ ਲਈ 24 ਘੰਟਿਆਂ ਤੋਂ ਵੱਧ ਉਡੀਕ ਨਹੀਂ ਕਰਨੀ ਪੈਂਦੀ ਸੀ ਅਤੇ ਭੁਗਤਾਨ ਵੀ ਸਮੇਂ ਸਿਰ ਮਿਲ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪਹਿਲਾਂ ਤੋਂ ਕੀਤੀਆਂ ਤਿਆਰੀਆਂ ਦੇ ਕਾਰਨ ਹੀ ਸੰਭਵ ਹੁੰਦਾ ਸੀ, ਜਿਸ ਵਿੱਚ ‘ਆਪ’ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.