ਤਾਜਾ ਖਬਰਾਂ
ਨਿਊਜ਼ੀਲੈਂਡ ਦੀ ਧਰਤੀ 'ਤੇ ਸਿੱਖੀ ਸਰੂਪ ਅਤੇ ਸੇਵਾ ਦੀ ਗੂੰਜ ਅੱਜ ਉਸ ਵੇਲੇ ਹੋਰ ਗੂੜ੍ਹੀ ਹੋ ਗਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਖ਼ੁਦ ਗੁਰੂ ਨਾਨਕ ਸਿੱਖ ਸੰਗਤ ਗੁਰਦੁਆਰਾ ਸਾਹਿਬ (ਓਟਾਹੂਹੂ) ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਸਿੱਖ ਭਾਈਚਾਰੇ ਦੀਆਂ ਸੇਵਾਵਾਂ ਨੂੰ ਸਲਾਹਿਆ।
ਮੁਲਾਕਾਤ ਦੌਰਾਨ ਦੋਵਾਂ ਸ਼ਖਸੀਅਤਾਂ ਨੇ ਨਿਊਜ਼ੀਲੈਂਡ ਵਿੱਚ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦਰਮਿਆਨ ਆਪਸੀ ਪਿਆਰ ਅਤੇ ਇਤਫ਼ਾਕ ਨੂੰ ਹੋਰ ਮਜ਼ਬੂਤ ਕਰਨ ਦੇ ਨੁਕਤਿਆਂ 'ਤੇ ਵਿਚਾਰ ਸਾਂਝੇ ਕੀਤੇ। ਪੀਐਮ ਲਕਸਨ ਨੇ ਮੰਨਿਆ ਕਿ ਨਿਊਜ਼ੀਲੈਂਡ ਦੀ ਆਰਥਿਕਤਾ ਅਤੇ ਸਮਾਜਿਕ ਬਣਤਰ ਵਿੱਚ ਸਿੱਖਾਂ ਦਾ ਅਹਿਮ ਯੋਗਦਾਨ ਹੈ।
ਇੱਕ ਵੱਡੀ ਪ੍ਰਾਪਤੀ ਵਜੋਂ, ਜਥੇਦਾਰ ਗੜਗੱਜ ਨੇ ਪ੍ਰਧਾਨ ਮੰਤਰੀ ਨੂੰ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਸੱਦੇ ਨੂੰ ਬੜੇ ਮਾਣ ਨਾਲ ਸਵੀਕਾਰ ਕਰਦਿਆਂ ਜਲਦ ਭਾਰਤ ਫੇਰੀ ਦੀ ਇੱਛਾ ਜਤਾਈ।
ਇਸ ਮੌਕੇ ਜਥੇਦਾਰ ਸਾਹਿਬ ਨੇ ਪੀਐਮ ਲਕਸਨ ਨੂੰ ਇੱਕ ਯਾਦਗਾਰੀ ਚਿੰਨ੍ਹ (ਮਾਡਲ) ਭੇਟ ਕੀਤਾ, ਜਦਕਿ ਪ੍ਰਧਾਨ ਮੰਤਰੀ ਨੇ ਜਥੇਦਾਰ ਗੜਗੱਜ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਇੱਕ ਘੜੀ ਤੋਹਫ਼ੇ ਵਜੋਂ ਦਿੱਤੀ।
ਇਸ ਮੌਕੇ ਟਾਕਾਨੀਨੀ ਤੋਂ ਐਮਪੀ ਰੀਮਾ ਨਾਕ੍ਹਲੇ, ਦਲਜੀਤ ਸਿੰਘ (ਸੁਪਰੀਮ ਸਿੱਖ ਸੁਸਾਇਟੀ), ਸਰਬਜੀਤ ਸਿੰਘ ਝਿੰਜਰ ਅਤੇ ਜਸਕਰਨ ਸਿੰਘ ਵਰਗੀਆਂ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ। ਇਸ ਮਿਲਣੀ ਨੂੰ ਨਿਊਜ਼ੀਲੈਂਡ ਸਰਕਾਰ ਅਤੇ ਸਿੱਖ ਭਾਈਚਾਰੇ ਦੇ ਮਜ਼ਬੂਤ ਹੁੰਦੇ ਰਿਸ਼ਤਿਆਂ ਦੀ ਕੜੀ ਵਜੋਂ ਦੇਖਿਆ ਜਾ ਰਿਹਾ ਹੈ।
Get all latest content delivered to your email a few times a month.