ਤਾਜਾ ਖਬਰਾਂ
ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਵਿਧਾਨ ਸਭਾ ਹਲਕਾ ਲਹਿਰਾਗਗਾ ਦੇ ਪਿੰਡ ਬਲਰਾ ਵਿੱਚ ਕਬੱਡੀ ਖਿਡਾਰੀ ਮਨਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਸਦੀ ਹਾਲ ਹੀ ਵਿੱਚ ਪਿੰਡ ਭਲੱਥ ਵਿਖੇ ਹੋਏ ਕਬੱਡੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਤਾ ਗਿਆ, ਜਿੱਥੇ ਉਸਨੇ ਬੁਲੇਟ ਮੋਟਰਸਾਈਕਲ ਅਤੇ ਲਗਭਗ 14 ਲੱਖ ਰੁਪਏ ਦੇ ਇਨਾਮ ਜਿੱਤੇ।
ਮਨਦੀਪ ਸਿੰਘ ਪਹਿਲਾਂ ਵੀ ਵੱਖ-ਵੱਖ ਟੂਰਨਾਮੈਂਟਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਦਿਆਂ ਘੋੜੀਆਂ, ਵਾਹਨ ਅਤੇ ਨਗਦ ਇਨਾਮ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰ ਚੁੱਕਾ ਹੈ। ਇਸ ਮੌਕੇ ਮੰਤਰੀ ਗੋਇਲ ਨੇ ਖਿਡਾਰੀ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਮਿੱਟੀ ਖੇਡਾਂ ਲਈ ਮਸ਼ਹੂਰ ਹੈ ਅਤੇ ਇੱਥੋਂ ਦੇ ਨੌਜਵਾਨਾਂ ਵਿੱਚ ਅਸੀਮ ਪ੍ਰਤਿਭਾ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਡਾਰੀਆਂ ਨੂੰ ਯੋਗ ਮਾਣ-ਸਨਮਾਨ ਦੇਣ ਅਤੇ ਉਨ੍ਹਾਂ ਲਈ ਵਧੀਆ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਸਰਕਾਰ ਵੱਲੋਂ ਪਿੰਡ ਤੋਂ ਸੂਬਾ ਪੱਧਰ ਤੱਕ ਖੇਡਾਂ ਦੇ ਵਿਕਾਸ ਲਈ ਆਧੁਨਿਕ ਮੈਦਾਨ, ਸਹੂਲਤਾਂ ਅਤੇ ਪ੍ਰੋਤਸਾਹਨ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨਾਲ ਜੁੜ ਕੇ ਆਪਣੇ ਭਵਿੱਖ ਨੂੰ ਰੌਸ਼ਨ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ, ਕਿਉਂਕਿ “ਰੰਗਲਾ ਪੰਜਾਬ” ਅਤੇ “ਨਸ਼ਾ ਮੁਕਤ ਪੰਜਾਬ” ਦਾ ਸੁਪਨਾ ਨੌਜਵਾਨਾਂ ਦੀ ਸਕਾਰਾਤਮਕ ਭੂਮਿਕਾ ਨਾਲ ਹੀ ਪੂਰਾ ਹੋ ਸਕਦਾ ਹੈ। ਇਸ ਸਮਾਗਮ ਦੌਰਾਨ ਇਲਾਕੇ ਦੇ ਮਾਣਯੋਗ ਵਿਅਕਤੀ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਮਨਦੀਪ ਸਿੰਘ ਦੀ ਪ੍ਰਾਪਤੀਆਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
Get all latest content delivered to your email a few times a month.