IMG-LOGO
ਹੋਮ ਪੰਜਾਬ: ਮਾਂ ਦੀ ਜ਼ਿੰਦਗੀ ਲਈ ਲੜਾਈ 'ਚ ‘ਮੁੱਖ ਮੰਤਰੀ ਸਿਹਤ ਯੋਜਨਾ’...

ਮਾਂ ਦੀ ਜ਼ਿੰਦਗੀ ਲਈ ਲੜਾਈ 'ਚ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਆਸ

Admin User - Apr 19, 2026 09:11 PM
IMG

ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਲਈ ਪਿਛਲੇ ਪੰਜ ਮਹੀਨੇ ਇੱਕ ਵੱਡੀ ਕਸੌਟੀ ਵਾਂਗ ਸਾਬਤ ਹੋਏ। ਉਹ ਸਮਾਂ ਉਸਦੇ ਪਰਿਵਾਰ ਲਈ ਬੇਹੱਦ ਦੁੱਖਦਾਇਕ ਸੀ, ਜਦੋਂ ਉਸਦੀ 65 ਸਾਲਾ ਮਾਤਾ ਬਲਜੀਤ ਕੌਰ ਨੇ ਹੌਲੀ-ਹੌਲੀ ਖਾਣਾ-ਪੀਣਾ ਛੱਡ ਦਿੱਤਾ ਅਤੇ ਸਿਹਤ ਲਗਾਤਾਰ ਖਰਾਬ ਹੁੰਦੀ ਗਈ। ਇੱਕ ਪੁੱਤਰ ਲਈ ਇਹ ਸਿਰਫ਼ ਬੀਮਾਰੀ ਨਹੀਂ, ਸਗੋਂ ਮਾਂ ਨੂੰ ਆਪਣੇ ਸਾਹਮਣੇ ਕਮਜ਼ੋਰ ਹੁੰਦਾ ਦੇਖਣ ਦਾ ਦਰਦ ਸੀ।

ਪਹਿਲਾਂ ਉਸਨੇ ਨਿੱਜੀ ਡਾਕਟਰਾਂ ਕੋਲ ਇਲਾਜ ਕਰਵਾਇਆ, ਫਿਰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਟੈਸਟ ਅਤੇ ਦਵਾਈਆਂ ਚੱਲੀਆਂ, ਪਰ ਹਾਲਤ ਵਿੱਚ ਕੋਈ ਸੁਧਾਰ ਨਾ ਆਇਆ। ਅੰਤ ਵਿੱਚ ਜਦੋਂ ਰਿਪੋਰਟ ਆਈ ਤਾਂ ਪਤਾ ਲੱਗਿਆ ਕਿ ਮਾਂ ਨੂੰ ਬੱਚੇਦਾਨੀ ਦਾ ਕੈਂਸਰ ਹੈ, ਜੋ ਪਰਿਵਾਰ ਲਈ ਇੱਕ ਵੱਡਾ ਝਟਕਾ ਸੀ।

ਗੁਰਪਿੰਦਰ ਨੇ ਹਿੰਮਤ ਨਾ ਹਾਰਦੇ ਹੋਏ ਮਾਂ ਨੂੰ ਸੰਗਰੂਰ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਲੈ ਜਾ ਕੇ ਇਲਾਜ ਸ਼ੁਰੂ ਕਰਵਾਇਆ। ਸ਼ੁਰੂਆਤੀ ਖਰਚ ਹੀ 60–65 ਹਜ਼ਾਰ ਰੁਪਏ ਆ ਗਿਆ, ਜੋ ਉਸਦੀ ਆਮਦਨ ਦੇ ਮੁਕਾਬਲੇ ਕਾਫ਼ੀ ਵੱਧ ਸੀ। ਇੱਕ ਡਰਾਈਵਰ ਹੋਣ ਦੇ ਨਾਤੇ ਉਸਦੇ ਲਈ ਇਹ ਰਕਮ ਇਕ ਵੱਡਾ ਬੋਝ ਸੀ ਅਤੇ ਕਰਜ਼ਾ ਲੈਣ ਦੀ ਨੌਬਤ ਆ ਗਈ।

ਇਸੇ ਦੌਰਾਨ ਹਸਪਤਾਲ ਵਿੱਚ ਕਿਸੇ ਨੇ ਉਸਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਜਾਣਕਾਰੀ ਦਿੱਤੀ। ਗੁਰਪਿੰਦਰ ਨੇ ਤੁਰੰਤ ਰਜਿਸਟ੍ਰੇਸ਼ਨ ਕਰਵਾ ਲਿਆ ਅਤੇ ਕੁਝ ਸਮੇਂ ਵਿੱਚ ਉਸਨੂੰ ਸਮਾਰਟ ਕਾਰਡ ਮਿਲ ਗਿਆ। ਇਸ ਯੋਜਨਾ ਨੇ ਉਸਦੀ ਜ਼ਿੰਦਗੀ ਦਾ ਰੁਖ ਹੀ ਬਦਲ ਦਿੱਤਾ।

ਇਸ ਯੋਜਨਾ ਦੇ ਤਹਿਤ ਉਸਦੀ ਮਾਂ ਦਾ ਲੱਖਾਂ ਰੁਪਏ ਦਾ ਇਲਾਜ ਮੁਫ਼ਤ ਕੀਤਾ ਗਿਆ, ਜਿਸ ਵਿੱਚ ਮਹਿੰਗੇ ਟੈਸਟ, ਕਈ ਵਾਰ ਕੀਮੋਥੈਰੇਪੀ, ਆਪਰੇਸ਼ਨ, ਆਈਸੀਯੂ, ਵੈਂਟੀਲੇਟਰ ਅਤੇ ਹਸਪਤਾਲ ਵਿੱਚ ਰਹਿਣ ਦਾ ਖਰਚ ਵੀ ਸ਼ਾਮਲ ਸੀ। ਡਾਕਟਰਾਂ ਲਈ ਵੀ ਇਹ ਕੇਸ ਮੁਸ਼ਕਲ ਸੀ ਕਿਉਂਕਿ ਕੈਂਸਰ ਲੀਵਰ ਅਤੇ ਫੇਫੜਿਆਂ ਤੱਕ ਫੈਲ ਚੁੱਕਾ ਸੀ।

ਪਹਿਲਾਂ ਤਿੰਨ ਕੀਮੋਥੈਰੇਪੀ ਸਾਈਕਲ ਦਿੱਤੇ ਗਏ, ਪਰ ਸਾਈਡ ਇਫੈਕਟ ਕਾਰਨ ਡੋਜ਼ ਘੱਟ ਕਰਕੇ ਹੋਰ ਨੌ ਸਾਈਕਲ ਕੀਤੇ ਗਏ। ਇਸ ਤੋਂ ਬਾਅਦ ਟਿਊਮਰ ਘਟ ਕੇ ਇੱਕ ਥਾਂ ਰਹਿ ਗਿਆ ਅਤੇ ਡਾਕਟਰਾਂ ਨੇ ਲਗਭਗ ਅੱਠ ਘੰਟਿਆਂ ਦੀ ਸਰਜਰੀ ਕਰਕੇ ਉਸਨੂੰ ਕੱਢ ਦਿੱਤਾ। ਆਪਰੇਸ਼ਨ ਤੋਂ ਬਾਅਦ ਮਰੀਜ਼ ਕੁਝ ਦਿਨ ਆਈਸੀਯੂ ਵਿੱਚ ਰਹੀ ਅਤੇ ਫਿਰ ਹਾਲਤ ਵਿੱਚ ਸੁਧਾਰ ਆਉਣ ਲੱਗਾ।

ਇਸ ਮੁਸ਼ਕਲ ਸਮੇਂ ਦੌਰਾਨ ਗੁਰਪਿੰਦਰ ਹਮੇਸ਼ਾ ਆਪਣੀ ਮਾਂ ਦੇ ਨਾਲ ਖੜ੍ਹਾ ਰਿਹਾ। ਉਸਨੇ ਮਾਂ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਛੱਡੀ। ਹਸਪਤਾਲ ਵਿੱਚ ਅੱਠ ਦਿਨ ਬਿਤਾਉਣ ਤੋਂ ਬਾਅਦ ਜਦੋਂ ਮਾਂ ਦੀ ਤਬੀਅਤ ਸੰਭਲਣੀ ਸ਼ੁਰੂ ਹੋਈ, ਤਾਂ ਪਰਿਵਾਰ ਲਈ ਇਹ ਸਭ ਤੋਂ ਵੱਡੀ ਰਾਹਤ ਸੀ।

ਕੁੱਲ ਮਿਲਾ ਕੇ ਇਸ ਇਲਾਜ ’ਤੇ ਲਗਭਗ 8 ਲੱਖ ਰੁਪਏ ਤੋਂ ਵੱਧ ਦਾ ਖਰਚ ਆਇਆ, ਜੋ ਸਰਕਾਰ ਵੱਲੋਂ ਝੱਲਿਆ ਗਿਆ। ਹੁਣ ਗੁਰਪਿੰਦਰ ਆਪਣੀ ਮਾਂ ਦੇ ਅਗਲੇ ਇਲਾਜ ਅਤੇ ਜਾਂਚ ਲਈ ਮੁੱਲਾਂਪੁਰ ਹਸਪਤਾਲ ਵਿੱਚ ਫਾਲੋਅਪ ਕਰਵਾ ਰਿਹਾ ਹੈ।

ਗੁਰਪਿੰਦਰ ਕਹਿੰਦਾ ਹੈ ਕਿ ਉਸ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸਦੀ ਮਾਂ ਨੂੰ ਬਿਨਾਂ ਇਲਾਜ ਦੇ ਨਹੀਂ ਛੱਡਣਾ ਪਿਆ। ਇਹ ਕਹਾਣੀ ਸਿਰਫ਼ ਇੱਕ ਇਲਾਜ ਦੀ ਨਹੀਂ, ਸਗੋਂ ਇੱਕ ਪੁੱਤਰ ਦੀ ਮਾਂ ਲਈ ਬੇਅੰਤ ਮਮਤਾ ਅਤੇ ਇੱਕ ਅਜਿਹੀ ਸਰਕਾਰੀ ਯੋਜਨਾ ਦੀ ਹੈ ਜਿਸ ਨੇ ਔਖੇ ਵੇਲੇ ਵਿੱਚ ਇੱਕ ਪਰਿਵਾਰ ਨੂੰ ਟੁੱਟਣ ਤੋਂ ਬਚਾ ਲਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.