IMG-LOGO
ਹੋਮ ਪੰਜਾਬ: ਫ਼ਸਲ ਬਚਾਉਂਦਿਆਂ ਕਿਸਾਨ ਦੀ ਮੌਤ: ਅੱਗ ਦੇ ਭਾਂਬੜ ਤੇ ਧੂੰਏਂ...

ਫ਼ਸਲ ਬਚਾਉਂਦਿਆਂ ਕਿਸਾਨ ਦੀ ਮੌਤ: ਅੱਗ ਦੇ ਭਾਂਬੜ ਤੇ ਧੂੰਏਂ ਕਾਰਨ ਆਇਆ ਦਿਲ ਦਾ ਦੌਰਾ, ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ

Admin User - Apr 21, 2026 02:56 PM
IMG

ਪਿੰਡ ਸਲਾਣਾ ਬੇਟ ਵਿਖੇ ਉਸ ਵੇਲੇ ਮਾਤਮ ਛਾ ਗਿਆ ਜਦੋਂ ਆਪਣੀ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਇੱਕ 42 ਸਾਲਾ ਨੌਜਵਾਨ ਕਿਸਾਨ ਮਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਚਾਰੋਂ ਪਾਸੇ ਫੈਲੇ ਦਮ-ਘੋਟੂ ਧੂੰਏਂ ਕਾਰਨ ਕਿਸਾਨ ਘਬਰਾਹਟ ਦਾ ਸ਼ਿਕਾਰ ਹੋ ਗਿਆ ਸੀ।


ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ ਕਰੀਬ 8:30 ਵਜੇ ਖੇਤਾਂ ਵਿਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿਚ ਸ਼ਾਟ-ਸਰਕਟ ਹੋਣ ਕਾਰਨ ਨਾੜ ਨੂੰ ਭਿਆਨਕ ਅੱਗ ਲੱਗ ਗਈ। ਜਦੋਂ ਅੱਗ ਤੇਜ਼ੀ ਨਾਲ ਮਨਦੀਪ ਸਿੰਘ ਦੀ ਖੜ੍ਹੀ ਫ਼ਸਲ ਵੱਲ ਵਧਣ ਲੱਗੀ, ਤਾਂ ਉਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਟਰੈਕਟਰ ਲੈ ਕੇ ਅੱਗ ਬੁਝਾਉਣ ਲਈ ਖੇਤਾਂ ਵਿਚ ਕੁੱਦ ਪਿਆ। ਚਸ਼ਮਦੀਦਾਂ ਮੁਤਾਬਕ ਧੂੰਏਂ ਦੇ ਗੁਬਾਰ ਵਿੱਚ ਘਿਰੇ ਮਨਦੀਪ ਨੂੰ ਅਚਾਨਕ ਤੇਜ਼ ਘਬਰਾਹਟ ਹੋਈ ਅਤੇ ਉਹ ਬੇਹੋਸ਼ ਹੋ ਗਿਆ। ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਮਨਦੀਪ ਸਿੰਘ ਦੀ ਮੌਤ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮ੍ਰਿਤਕ ਆਪਣੇ ਪਿੱਛੇ ਦੋ ਮਾਸੂਮ ਬੱਚੇ, ਪਤਨੀ ਅਤੇ ਬਜ਼ੁਰਗ ਵਿਧਵਾ ਮਾਂ ਛੱਡ ਗਿਆ ਹੈ। ਜ਼ਿਕਰਯੋਗ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਹੀ ਮਨਦੀਪ ਦੇ ਪਿਤਾ ਦਾ ਸਾਇਆ ਸਿਰ ਤੋਂ ਉੱਠਿਆ ਸੀ ਅਤੇ ਹੁਣ ਘਰ ਦੇ ਇਕਲੌਤੇ ਕਮਾਊ ਜੀਅ ਦੀ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਬੇਸਹਾਰਾ ਹੋ ਗਿਆ ਹੈ।


ਘਟਨਾ ਦੀ ਸੂਚਨਾ ਮਿਲਦੇ ਹੀ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਅਤੇ ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਅਹੂਜਾ ਮੌਕੇ 'ਤੇ ਪੁੱਜੇ।


ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਵਿਚ ਕਈ ਥਾਵਾਂ 'ਤੇ ਬਿਜਲੀ ਦੀਆਂ ਤਾਰਾਂ ਨਾਜ਼ੁਕ ਹਾਲਤ ਵਿਚ ਹਨ, ਜਿਸ ਕਾਰਨ ਹਰ ਸਾਲ ਅੱਗ ਲੱਗਦੀ ਹੈ। ਉਨ੍ਹਾਂ ਸਰਕਾਰ ਤੋਂ ਪੀੜਤ ਪਰਿਵਾਰ ਲਈ ਵੱਧ ਤੋਂ ਵੱਧ ਮੁਆਵਜ਼ੇ ਦੀ ਮੰਗ ਕੀਤੀ।


ਨਾਇਬ ਤਹਿਸੀਲਦਾਰ ਰਾਜੇਸ਼ ਅਹੂਜਾ ਨੇ ਕਿਹਾ ਕਿ ਘਟਨਾ ਦੀ ਵਿਸਤ੍ਰਿਤ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨੂੰ ਭੇਜੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰੀ ਹਦਾਇਤਾਂ ਅਨੁਸਾਰ ਪਰਿਵਾਰ ਨੂੰ ਹਰ ਸੰਭਵ ਮਾਲੀ ਮਦਦ ਦਿੱਤੀ ਜਾਵੇਗੀ।


ਇਸ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਵਾਢੀ ਦੇ ਸੀਜ਼ਨ ਦੌਰਾਨ ਬਿਜਲੀ ਵਿਭਾਗ ਦੀਆਂ ਨਾਜ਼ੁਕ ਤਾਰਾਂ ਅਤੇ ਕਿਸਾਨਾਂ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਪੀੜਤ ਪਰਿਵਾਰ ਦੀ ਬਾਂਹ ਕਦੋਂ ਫੜਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.