ਤਾਜਾ ਖਬਰਾਂ
ਪੰਜਾਬ ਸਰਕਾਰ ਵੱਲੋਂ ਭਾਰਤ ਦਾ ਗ੍ਰਹਿ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 24 ਅਪ੍ਰੈਲ 2026 ਨੂੰ ਰਾਤ 8 ਵਜੇ ਸੂਬੇ ਭਰ ਵਿੱਚ ‘ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ’ ਮੌਕ ਡਰਿੱਲ ਕਰਵਾਈ ਜਾਵੇਗੀ। ਇਸ ਅਭਿਆਸ ਦਾ ਮਕਸਦ ਸੰਭਾਵਿਤ ਹਵਾਈ ਹਮਲੇ ਜਾਂ ਐਮਰਜੈਂਸੀ ਹਾਲਾਤਾਂ ਵਿੱਚ ਪ੍ਰਸ਼ਾਸਨ ਅਤੇ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਕਰਨਾ ਹੈ।
ਇਸ ਸੰਬੰਧੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰਕੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ, ਡਰਿੱਲ ਦੀ ਸ਼ੁਰੂਆਤ ‘ਏਅਰ ਰੇਡ ਵਾਰਨਿੰਗ’ ਸਾਇਰਨ ਨਾਲ ਹੋਵੇਗੀ, ਜੋ ਲਗਭਗ 2 ਮਿੰਟ ਤੱਕ ਉੱਚੀ-ਨੀਵੀਂ ਆਵਾਜ਼ ਵਿੱਚ ਵੱਜੇਗਾ। ਇਸ ਤੋਂ ਬਾਅਦ ਚੁਣੇ ਗਏ ਖੇਤਰਾਂ ਵਿੱਚ ਪੂਰਾ ਬਲੈਕਆਊਟ ਕੀਤਾ ਜਾਵੇਗਾ, ਜਿਸ ਦੌਰਾਨ ਲੋਕਾਂ ਨੂੰ ਗੈਰ-ਜ਼ਰੂਰੀ ਬੱਤੀਆਂ ਬੰਦ ਰੱਖਣ ਲਈ ਕਿਹਾ ਗਿਆ ਹੈ।
ਹਾਲਾਂਕਿ, ਹਸਪਤਾਲਾਂ, ਫਾਇਰ ਬ੍ਰਿਗੇਡ ਅਤੇ ਹੋਰ ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਚੱਲਦੀਆਂ ਰਹਿਣਗੀਆਂ। ਅਭਿਆਸ ਦੇ ਅੰਤ ‘ਆਲ ਕਲੀਅਰ’ ਸਾਇਰਨ ਵੱਜੇਗਾ, ਜੋ ਲਗਾਤਾਰ ਉੱਚੀ ਆਵਾਜ਼ ਵਿੱਚ 2 ਮਿੰਟ ਲਈ ਹੋਵੇਗਾ।
ਸਿਵਲ ਡਿਫੈਂਸ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਹ ਸਿਰਫ਼ ਇੱਕ ਰੁਟੀਨ ਮੌਕ ਡਰਿੱਲ ਹੈ। ਇਸ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ਦੀ ਵੀ ਰਿਹਰਸਲ ਕੀਤੀ ਜਾਵੇਗੀ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਤੋਂ ਬਚਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਦੇ ਹੋਏ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਉਣ।
Get all latest content delivered to your email a few times a month.