IMG-LOGO
ਹੋਮ ਪੰਜਾਬ: "ਗੁਜਰਾਂਵਾਲਾ ਦ ਫਾਊਂਡੇਸ਼ਨ ਲੈਂਡ ਆਫ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ" ਕਿਤਾਬ...

"ਗੁਜਰਾਂਵਾਲਾ ਦ ਫਾਊਂਡੇਸ਼ਨ ਲੈਂਡ ਆਫ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ" ਕਿਤਾਬ ਲੁਧਿਆਣਾ 'ਚ ਲੋਕ ਅਰਪਣ

Admin User - Apr 25, 2026 07:22 PM
IMG

ਲੁਧਿਆਣਾ: 25 ਅਪ੍ਰੈਲ-

ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਤੇ ਡਾ. ਮਨਦੀਪ ਕੌਰ ਰੰਧਾਵਾ ਅਸਿਸਟੈਂਟ ਪ੍ਰੋਫੈਸਰ ਗੁਜਰਾਂਵਾਲਾ ਖਾਲਸਾ ਕਾਲਜ ਵੱਲੋਂ ਲਿਖੀ ਗਈ ਪੁਸਤਕ "ਗੁਜਰਾਂਵਾਲਾ ਦ ਫਾਊਂਡੇਸ਼ਨ ਲੈਂਡ ਆਫ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ" ਨੂੰ ਅੱਜ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਸੁਪਰੀਮ ਕੋਰਟ ਦੋ ਸੀਨੀਅਰ ਐਡਵੋਕੇਟ ਸ. ਰਾਜਿੰਦਰ ਸਿੰਘ ਚੀਮਾ ਸਾਬਕਾ ਐਡਵੋਕੇਟ ਜਨਰਲ ਪੰਜਾਬ ਚੰਡੀਗੜ੍ਹ ਨੇ ਕੀਤੀ। ਸ. ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ, ਪ੍ਰੋ. ਸਰਬਜੋਤ ਸਿੰਘ ਬਹਿਲ ਚੇਅਰਮੈਨ ਹਿਮਾਚਲ ਪ੍ਰਦੇਸ਼ ਉਚੇਰੀ ਸਿੱਖਿਆ ਬੋਰਡ,, ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ,ਪੰਜਾਬੀ ਲੋਕ ਵਿਰਾਸਤ ਅਕੈਡਮੀ, ਲੁਧਿਆਣਾ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 

ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਆਏ ਹੋਏ ਮਹਿਮਾਨਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ। ਉਨਾਂ ਦੱਸਿਆ ਕਿ ਇਸ ਪੁਸਤਕ ਦੀ ਪਰਿਕਲਪਨਾ ਉਨਾਂ ਨੇ 2020 ਵਿੱਚ ਇਹ ਸੋਚ ਕੇ ਕੀਤੀ ਕਿ ਗੁਜਰਾਂਵਾਲਾ ਦੇ ਜੰਮਪਲ ਕੌਂਸਲ ਦੇ ਮੈਂਬਰ ਜਦ ਸਰੀਰਕ ਤੌਰ ਤੇ ਇਸ ਧਰਤੀ ਤੇ ਨਹੀਂ ਹੋਣਗੇ ਤਾਂ ਫਿਰ ਇਹ ਪੁਰਾਣੀਆਂ ਯਾਦਾਂ ਤੇ ਵਿਰਾਸਤ ਦਸਤਾਵੇਜ਼ੀ ਰੂਪ ਵਿੱਚ ਯਾਦਾਂ ਅੰਦਰ ਸੰਭਾਲਣੀ ਮੁਸ਼ਕਲ ਹੋਵੇਗੀ। ਉਨਾਂ ਨੇ ਪੁਸਤਕ ਰੂਪ ਵਿੱਚ ਇਸ ਵਿਰਾਸਤ ਨੂੰ ਸਾਂਭਣ ਦਾ ਸੁਪਨਾ ਦੇਖਿਆ। ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ਤੇ ਸਮੂਹ ਮੈਂਬਰਾਂ ਨੇ ਬੜੀ ਹੀ ਤਨਦੇਹੀ ਨਾਲ ਇਸ ਪੁਸਤਕ ਦੀ ਪ੍ਰਕਾਸ਼ਨਾ ਤੱਕ ਮਹੱਤਵਪੂਰਨ ਜਿੰਮੇਵਾਰੀ ਨਿਭਾਈ। 

ਸ. ਰਾਜਿੰਦਰ ਸਿੰਘ ਚੀਮਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕੌਂਸਲ ਤੇ ਲੇਖਕਾ ਡਾ. ਮਨਦੀਪ ਕੌਰ ਰੰਧਾਵਾ ਨੂੰ ਇਸ ਪੁਸਤਕ ਲਈ ਵਧਾਈ ਦਿੱਤੀ ਉਹਨਾਂ ਨੇ ਇਸ ਸੰਸਥਾ ਬਾਰੇ ਬੋਲਦਿਆਂ ਕਿਹਾ  ਕਿ ਉਹ ਬਾਵਾ ਹਰਕਿਸ਼ਨ ਸਿੰਘ 21 ਸਾਲ ਇਸ ਸੰਸਥਾ ਦੇ ਮੁਖੀ ਰਹੇ। ਉਨਾਂ ਨੇ ਬਾਵਾ ਹਰਿਕ੍ਰਿਸ਼ਨ ਸਿੰਘ ਦੀ ਵਿਭਿੰਨ ਖੇਤਰਾਂ ਵਿੱਚ ਬਹੁਪੱਖੀ ਦੇਣ ਬਾਰੇ ਵੀ  ਵਿਸ਼ੇਸ਼ ਪੁਸਤਕ ਲਿਖਵਾਉਣ ਦਾ ਸੁਝਾਅ ਦਿੱਤਾ। ਉਨਾਂ ਨੇ ਗੁੱਜਰਾਂ ਵਾਲਾ ਦੇ ਜੰਮਪਲ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਦੇ ਸ਼ਾਨਦਾਰ ਸ਼ਾਸਨ ਕਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੰਮੇ ਸ਼ਾਸਨ ਕਾਲ ਵਿੱਚ ਇੱਕ ਵੀ ਆਦਮੀ ਨੂੰ ਫਾਂਸੀ ਨਾ ਦੇਣਾ ਬਹੁਤ ਕੱਡੀ ਗੱਲ ਹੈ। ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਇਸ ਮੌਕੇ ਕਿਹਾ ਕਿ ਇਹ ਪੁਸਤਕ ਗੁਜਰਾਂਵਾਲਾ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਦਸਤਾਵੇਜ ਹੈ। ਜਿਹੜਾ ਸਾਨੂੰ ਸਾਡੇ ਮਾਣਮੱਤੇ ਅਤੀਤ ਨਾਲ ਜੋੜਦਾ ਹੈ। ਉਨਾਂ ਨੇ ਕਿਹਾ ਕਿ ਜਿਹੜੀਆਂ ਕੌਮਾਂ ਦੇ ਲੋਕ ਆਪਣੇ ਅਤੀਤ ਨਾਲੋਂ, ਆਪਣੇ ਇਤਿਹਾਸ ਨਾਲੋਂ ਟੁੱਟ ਜਾਂਦੇ ਹਨ ਉਨਾਂ ਦਾ ਭਵਿੱਖ ਵੀ ਬਹੁਤਾ ਸ਼ਾਨਦਾਰ ਨਹੀਂ ਹੁੰਦਾ। ਇਸ ਸਮੇਂ ਉਨਾਂ ਨੇ ਆਪਣੀ ਚਰਚਿਤ ਕਵਿਤਾ "ਮੈਂ ਗੁਜਰਾਂਵਾਲਾ ਛੋੜ ਆਇਆ ਹੂੰ” ਵੀ ਸਰੋਤਿਆਂ ਨਾਲ ਸਾਂਝੀ ਕੀਤੀ। 

ਕਾਲਿਜ ਦੇ ਪੁਰਾਣੇ ਵਿਦਿਆਰਥੀ ਤੇ ਭਾਰਤੀ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਸ. ਚਰਨਜੀਤ ਸਿੰਘ ਅਟਵਾਲ ਨੇ ਇਸ ਮੌਕੇ ਆਪਣੀ ਜਨਮਭੂਮੀ ਮਿੰਟਗੁਮਰੀ ਨਾਲ ਜੁੜੀਆਂ ਭਾਵਨਾਤਮਕ ਯਾਦਾਂ ਸਾਂਝੀਆਂ ਕੀਤੀਆਂ। ਉਨਾਂ ਨੇ ਕਿਹਾ ਕਿ ਸਿੱਖ ਕੌਮ ਦੀ ਪਹਿਲੀ ਰਾਜਧਾਨੀ ਗੁਜਰਾਂਵਾਲਾ ਹੀ ਰਹੀ ਹੈ। ਚਰਨਜੀਤ ਸਿੰਘ ਅਟਵਾਲ ਨੇ ਸਿੱਖਿਆ ਤੇ ਵਿਕਾਸ ਦੇ ਹਰ ਵਰਗ ਲਈ ਬਰਾਬਰ ਮੌਕਿਆਂ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਮਹਾਨ ਸੰਸਥਾ ਸਦਕਾ ਹੀ ਮੈਂ ਵਿਸ਼ਵ ਪਾਰਲੀਮੈਟ ਦੀਆਂ ਪੌੜੀਆਂ ਚੜ੍ਹ ਸਕਿਆ। 

ਕਾਲਿਜ ਦੇ ਪੁਰਾਣੇ ਵਿਦਿਆਰਥੀ ਤੇ ਉੱਘੇ ਪੰਜਾਬੀ ਲੇਖਕ

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੇ ਵੱਡੇ ਵੀਰ ਕਰਨਲ ਹਰਬੰਸ ਸਿੰਘ ਵੜੈਚ, ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ,ਜੀਜਾ ਜੀ  ਸ. ਜੋਗਿੰਦਰ ਸਿੰਘ ਚੀਮਾ ਤੇ ਮੇਰੀ ਪਤਨੀ ਦੇ ਵੱਡੇ ਵੀਰ ਸ. ਦਰਸ਼ਨ ਸਿੰਘ ਨੱਤ 1947 ਤੋਂ ਪਹਿਲਾਂ ਇਸ ਕਾਲਿਜ ਦੇ ਵਿਦਿਆਰਥੀ ਰਹੇ ਹਨ। ਇਹ ਸਾਡੇ ਲਈ ਮਾਣ ਨਾਲੀ ਗੱਲ ਹੈ। ਮੇਰੇ ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਮੈਂ ਖ਼ੁਦ, ਮੇਰੇ ਦੋ ਭਤੀਜੇ ਤੇ ਪੁੱਤਰ ਵੀ ਇਸੇ ਕਾਲਿਜ ਵਿੱਚ ਦੇਸ਼ ਵੰਡ ਉਪਰੰਤ ਪੜ੍ਹਿਆ ਹੈ। ਇਸ  ਮੌਕੇ ਉਨ੍ਹਾਂ 1917 ਵਿੱਚ ਕਾਲਿਜ ਦਾ ਨੀਂਹ ਪੱਥਰ ਰੱਖਣ ਵਾਲੇ ਸੰਤ ਅਤਰ ਸਿੰਘ,ਪ੍ਰਿੰਸੀਪਲ ਰਹੇ ਸੰਤ ਤੇਜਾ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ ਤੇ ਅਧਿਆਪਕ ਗੁਰਮਤਿ ਮਾਰਤੰਡ ਪ੍ਰੋ. ਸਾਹਿਬ ਸਿੰਘ ਵਰਗੀਆਂ ਨਾਮਵਰ ਸ਼ਖਸ਼ੀਅਤਾਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਉਨਾਂ ਕਿਹਾ ਕਿ ਇਹ ਧਰਤੀ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧਿਆਂ, ਕਵੀ ਕਾਦਰਯਾਰ, ਪੰਡਿਤ ਮਾਨ ਸਿੰਘ ਕਾਲੀਦਾਸ ਗੁੱਜਰਾਂ ਵਾਲੀਆ ਤੇ ਸਿਰਮੌਰ ਕਵਿੱਤਰੀ ਅੰਮ੍ਰਿਤਾ ਪ੍ਰੀਤਮ , ਮਹਾਂਰਾਣੀ ਜਿੰਦਾਂ ਦੀ ਜਨਮ-ਧਰਤੀ ਹੈ। 

ਉਨ੍ਹਾਂ ਇਸ ਕਿਤਾਬ ਦੇ ਲਿਖਣ ਵਿੱਚ ਪਾਕਿਸਤਾਨ ਦੇ ਸਿਰਕੱਢ ਲੇਖਕ ਇਕਬਾਲ ਕੈਸਰ ਦਾ ਵਿਸ਼ੇਸ਼ ਧੰਨਵਾਦ ਕੀਤਾ। 

ਇਸ ਪੁਸਤਕ ਦੀ ਲੇਖਕਾ ਡਾ. ਮਨਦੀਪ ਕੌਰ ਰੰਧਾਵਾ ਨੇ ਇਸ ਪੁਸਤਕ ਸਿਰਜਣਾ  ਨਾਲ ਜੁੜੇ ਆਪਣੇ ਅਨੁਭਵ, ਪੁਸਤਕ ਦੀ ਸਮੱਗਰੀ ਤੇ ਇਸਦੇ ਵਿਭਿੰਨ ਪੱਖਾਂ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। 

ਪ੍ਰੋਫੈਸਰ ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ. ਨੇ ਅਖੀਰ ਤੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਤੇ ਸਟੇਜ ਦਾ ਸੰਚਾਲਨ ਵੀ ਕੀਤਾ। ਇਸ ਸਮੇਂ ਉੱਘੇ ਵਿਦਵਾਨ ਡਾ. ਅਨੁਰਾਗ ਸਿੰਘ, ਗੁਜਰਾਂਵਾਲਾ ਦੇ ਸਮਰੱਥ ਭਿੰਡਰ ਪਰਿਵਾਰ ਦੇ ਪ੍ਰਤੀਨਿਧ ਸ, ਰੀਤਿੰਦਰ ਸਿੰਘ ਭਿੰਡਰ,ਗੁਜਰਾਂਵਾਲਾ ਗੁਰੂ ਨਾਨਕ ਐਜੂਕੇਸ਼ਨਲ ਕੌਂਸਲ ਦੇ ਮੈਂਬਰਾਂ ਸ. ਹਰਦੀਪ ਸਿੰਘ, ਸ. ਕੁਲਜੀਤ ਸਿੰਘ, ਸ. ਅਰਵਿੰਦਰ ਸਿੰਘ  , ਸ. ਅਰਵਿੰਦਰਪਾਲ ਸਿੰਘ ਗਿਆਨ, ਸ. ਤੇਜਬੀਰ  ਸਿੰਘ ਚਾਵਲਾ, ਸ. ਸੁਖਬੀਰ ਸਿੰਘ ਨਰੂਲਾ,  ਸ. ਸੰਦੀਪ ਸਿੰਘ ਨਰੂਲਾ, ਸ. ਗੁਰਪ੍ਰੀਤ ਸਿੰਘ ਨਰੂਲਾ, ਸ. ਤਜਿੰਦਰ ਸਿੰਘ ਭੁਟਾਨੀ, ਸ .ਬਲਜੀਤ ਸਿੰਘ ਬਿੰਦਰਾ  ਤੋਂ ਇਲਾਵਾ ਕੌਂਸਲ ਦੇ ਅਧੀਨ ਚੱਲ ਰਹੀਆਂ ਪੰਜ ਸੰਸਥਾਵਾਂ ਦੇ  ਪ੍ਰਿੰਸੀਪਲ ਡਾ. ਰਜਿੰਦਰ ਕੌਰ ਮਲਹੋਤਰਾ, ਪ੍ਰਿੰਸੀਪਲ ਗੁਣਮੀਤ ਕੌਰ, ਪ੍ਰਿੰਸੀਪਲ  ਸ਼ਿਖਾ ਸਹਿਜਪਾਲ, ਪ੍ਰਿੰਸੀਪਲ ਪਰਵਿੰਦਰ ਸਿੰਘ ਤੇ ਡਾ.  ਹਰਪ੍ਰੀਤ ਸਿੰਘ ਅਤੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.