IMG-LOGO
ਹੋਮ ਪੰਜਾਬ: ਸ਼ੰਭੂ ਰੇਲ ਧਮਾਕਾ: ਘਟਨਾ ਸਥਾਨ ’ਤੇ ਪਹੁੰਚੇ ਰਵਨੀਤ ਬਿੱਟੂ ਦੇ...

ਸ਼ੰਭੂ ਰੇਲ ਧਮਾਕਾ: ਘਟਨਾ ਸਥਾਨ ’ਤੇ ਪਹੁੰਚੇ ਰਵਨੀਤ ਬਿੱਟੂ ਦੇ ਵੱਡੇ ਖੁਲਾਸੇ, ਕਿਹਾ— ‘ਪੰਜਾਬ ’ਚ ਜੰਗ ਛੇੜ ਰਹੀ ਹੈ ISI, ਗੈਂਗਸਟਰਾਂ-ਖਾਲਿਸਤਾਨੀਆਂ ਤੋਂ ਅੱਗੇ ਨਿਕਲੀ ਸਾਜ਼ਿਸ਼’

Admin User - Apr 29, 2026 12:18 PM
IMG

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਸ਼ੰਭੂ ਨੇੜੇ ਰੇਲਵੇ ਟਰੈਕ 'ਤੇ ਹੋਏ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਰੇਲਵੇ ਦੇ ਉੱਚ ਅਧਿਕਾਰੀ ਅਤੇ ਕੇਂਦਰੀ ਜਾਂਚ ਏਜੰਸੀਆਂ ਦੀਆਂ ਟੀਮਾਂ ਮੌਜੂਦ ਸਨ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਇਸ ਘਟਨਾ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ISI ਦਾ ਸਿੱਧਾ ਹੱਥ ਹੋਣ ਦਾ ਦਾਅਵਾ ਕਰਦਿਆਂ ਸਨਸਨੀਖੇਜ਼ ਖੁਲਾਸੇ ਕੀਤੇ ਹਨ।


ਰਵਨੀਤ ਬਿੱਟੂ ਨੇ ਇਲਜ਼ਾਮ ਲਗਾਇਆ ਕਿ ਹੁਣ ਸਿਰਫ਼ ਗੈਂਗਸਟਰ ਜਾਂ ਅੱਤਵਾਦੀ ਹੀ ਨਹੀਂ, ਸਗੋਂ ISI ਦੇ ਅਫਸਰ ਖੁਦ ਮੈਦਾਨ ਵਿੱਚ ਉਤਰ ਕੇ ਰੇਲਵੇ ਟਰੈਕਾਂ ਨੂੰ ਨਿਸ਼ਾਨਾ ਬਣਾਉਣ ਦੇ ਮਨਸੂਬੇ ਘੜ ਰਹੇ ਹਨ। ਉਨ੍ਹਾਂ ਕਿਹਾ, "ਸਾਜ਼ਿਸ਼ਕਰਤਾਵਾਂ ਨੂੰ ਰੇਲਵੇ ਨੈੱਟਵਰਕ ਦੀ ਪੂਰੀ ਜਾਣਕਾਰੀ ਹੈ ਕਿ ਕਿੱਥੇ ਮਾਲ ਗੱਡੀ ਦਾ ਕੋਰੀਡੋਰ ਹੈ ਅਤੇ ਕਿੱਥੇ ਪੈਸੇਂਜਰ ਟ੍ਰੇਨਾਂ ਲੰਘਦੀਆਂ ਹਨ। ਪੰਜਾਬ ਨੂੰ ਮੁੜ ਅੱਗ ਦੀ ਭੱਠੀ ਵਿੱਚ ਝੋਕਣ ਦੀ ਇਹ ਬਹੁਤ ਵੱਡੀ ਵਿਦੇਸ਼ੀ ਸਾਜ਼ਿਸ਼ ਹੈ।"


ਮੰਤਰੀ ਨੇ ਘਟਨਾ ਦੇ ਸਮੇਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ 27 ਅਪ੍ਰੈਲ ਦੀ ਰਾਤ 7:48 ਵਜੇ ਇੱਕ ਟ੍ਰੇਨ ਇਸ ਟਰੈਕ ਤੋਂ ਲੰਘੀ ਸੀ ਅਤੇ ਠੀਕ 8:20 ਵਜੇ ਧਮਾਕਾ ਹੋਇਆ। ਜਦੋਂ ਅਗਲੀ ਟ੍ਰੇਨ ਦੇ ਲੋਕੋ ਪਾਇਲਟ ਨੂੰ ਜ਼ੋਰਦਾਰ ਝਟਕਾ ਮਹਿਸੂਸ ਹੋਇਆ, ਤਾਂ ਉਸ ਨੇ ਤੁਰੰਤ 8:29 ਵਜੇ ਹੈੱਡ ਆਫਿਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਏਜੰਸੀਆਂ ਅਤੇ ਰੇਲਵੇ ਸਟਾਫ ਤੇਜ਼ੀ ਨਾਲ ਕਾਰਵਾਈ ਨਾ ਕਰਦੇ ਤਾਂ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਸਨ।


ਮ੍ਰਿਤਕ ਜਗਰੂਪ ਸਿੰਘ ਬਾਰੇ ਬੋਲਦਿਆਂ ਬਿੱਟੂ ਨੇ ਇੱਕ ਨਵਾਂ ਸ਼ੱਕ ਜਤਾਇਆ। ਉਨ੍ਹਾਂ ਕਿਹਾ ਕਿ ਧਮਾਕੇ ਦੌਰਾਨ ਜਗਰੂਪ ਦੀ ਲਾਸ਼ ਘਟਨਾ ਸਥਾਨ ਤੋਂ 200 ਮੀਟਰ ਦੂਰ ਮਿਲੀ, ਜਦੋਂ ਕਿ ਉਸ ਦੇ ਕੇਸ ਅਤੇ ਪੱਗ ਹੋਰ ਪਾਸੇ ਖਿੱਲਰੇ ਹੋਏ ਸਨ। ਬਿੱਟੂ ਨੇ ਸਵਾਲ ਉਠਾਇਆ, "ਧਮਾਕੇ ਨਾਲ ਲਾਸ਼ ਇੰਨੀ ਦੂਰ ਨਹੀਂ ਜਾ ਸਕਦੀ। ਜਾਂਚ ਟੀਮਾਂ ਪਤਾ ਲਗਾ ਰਹੀਆਂ ਹਨ ਕਿ ਕੀ ਕੋਈ ਉਸ ਦੀ ਲਾਸ਼ ਨੂੰ ਘਸੀਟ ਕੇ ਲੈ ਕੇ ਜਾ ਰਿਹਾ ਸੀ?" ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਜਗਰੂਪ ਕਿਸੇ ਟ੍ਰੇਨ ਦੀ ਲਾਈਟ ਦੇਖ ਕੇ ਹੜਬੜਾ ਗਿਆ ਹੋਵੇਗਾ, ਜਿਸ ਕਾਰਨ ਬੰਬ ਪਲਾਂਟ ਕਰਦੇ ਸਮੇਂ ਗਲਤੀ ਨਾਲ ਧਮਾਕਾ ਹੋ ਗਿਆ।


ਰਵਨੀਤ ਬਿੱਟੂ ਨੇ ਕਿਹਾ ਕਿ ਅੱਤਵਾਦੀ ਹੁਣ ਨਸ਼ੇੜੀਆਂ ਅਤੇ ਹਥਿਆਰਾਂ ਦੇ ਸ਼ੌਕੀਨ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਹਨ। ਉਨ੍ਹਾਂ ਡੇਰਿਆਂ ਅਤੇ ਦਲ ਪੰਥਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੈਂਬਰਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰੀ ਏਜੰਸੀਆਂ ਲਗਾਤਾਰ ਇਨਪੁਟਸ ਦੇ ਰਹੀਆਂ ਹਨ, ਪਰ ਆਮ ਲੋਕਾਂ ਨੂੰ ਵੀ ਆਪਣੇ ਆਲੇ-ਦੁਆਲੇ ਸ਼ੱਕੀ ਵਿਅਕਤੀਆਂ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.