ਤਾਜਾ ਖਬਰਾਂ
ਪੰਜਾਬ ਵਿੱਚ ਝੋਨੇ ਦੀ ਆਗਾਮੀ ਫ਼ਸਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਰਕਾਰ ਦੀ ਰਣਨੀਤੀ ਸਾਂਝੀ ਕੀਤੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬੇ ਵਿੱਚ ਝੋਨੇ ਦਾ ਸੀਜ਼ਨ 1 ਜੂਨ ਤੋਂ ਰਸਮੀ ਤੌਰ 'ਤੇ ਸ਼ੁਰੂ ਹੋਵੇਗਾ, ਜਦਕਿ ਕਿਸਾਨ 15 ਜੂਨ ਤੋਂ ਝੋਨੇ ਦੀ ਸਿੱਧੀ ਬਿਜਾਈ (DSR) ਕਰ ਸਕਣਗੇ। ਸਰਕਾਰ ਨੇ ਪਾਣੀ ਅਤੇ ਬਿਜਲੀ ਦੀ ਬੱਚਤ ਨੂੰ ਮੁੱਖ ਰੱਖਦਿਆਂ ਪੂਰੇ ਸੂਬੇ ਨੂੰ ਚਾਰ ਵੱਖ-ਵੱਖ ਜ਼ੋਨਾਂ ਵਿੱਚ ਵੰਡਿਆ ਹੈ।
ਮੁੱਖ ਮੰਤਰੀ ਅਨੁਸਾਰ, ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਹੇਠ ਲਿਖੇ ਅਨੁਸਾਰ ਪੜਾਅਵਾਰ ਬਿਜਾਈ ਹੋਵੇਗੀ:
ਪਹਿਲਾ ਜ਼ੋਨ (15 ਮਈ ਤੋਂ 31 ਮਈ): ਇੱਥੇ ਸਿੱਧੀ ਬਿਜਾਈ ਦੀ ਇਜਾਜ਼ਤ ਹੋਵੇਗੀ।
ਦੂਜਾ ਜ਼ੋਨ (1 ਜੂਨ ਤੋਂ): ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ।
ਤੀਜਾ ਜ਼ੋਨ (5 ਜੂਨ ਤੋਂ): ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ।
ਚੌਥਾ ਜ਼ੋਨ (9 ਜੂਨ ਤੋਂ): ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ।
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸੀਐਮ ਮਾਨ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 4 ਸਾਲਾਂ ਵਿੱਚ ਸਰਕਾਰ ਨੇ ਨਹਿਰੀ ਢਾਂਚੇ, ਪਾਈਪਾਂ ਅਤੇ ਕੱਸੀਆਂ 'ਤੇ 6300 ਕਰੋੜ ਰੁਪਏ ਖਰਚ ਕੀਤੇ ਹਨ। ਇਸ ਵਾਰ 1 ਮਈ ਤੋਂ ਹੀ ਨਹਿਰਾਂ ਵਿੱਚ ਪਾਣੀ ਛੱਡ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਇੱਕ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 2 ਤੋਂ 4 ਮੀਟਰ ਤੱਕ ਉੱਪਰ ਆਇਆ ਹੈ।
ਪਾਣੀ ਦੇ ਮੁੱਦੇ ’ਤੇ ਬੋਲਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਵਾਰ ਹਰਿਆਣਾ ਨੇ ਆਪਣੇ ਹਿੱਸੇ ਦੇ 70 ਫ਼ੀਸਦੀ ਪਾਣੀ ਦੀ ਵਰਤੋਂ ਕੀਤੀ ਹੈ ਅਤੇ ਗੁਆਂਢੀ ਰਾਜ ਵੱਲੋਂ ਕਿਸੇ ਵਾਧੂ ਪਾਣੀ ਦੀ ਮੰਗ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਪਾਣੀ ਦੀ ਸੀਮਤ ਮਾਤਰਾ ਹੈ, ਜੋ ਭਵਿੱਖ ਦੀਆਂ ਫ਼ਸਲਾਂ ਲਈ ਬਚਾਉਣੀ ਲਾਜ਼ਮੀ ਹੈ। ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਰੋਜ਼ਾਨਾ 8 ਘੰਟੇ ਬਿਜਲੀ ਅਤੇ ਭਰਪੂਰ ਨਹਿਰੀ ਪਾਣੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
Get all latest content delivered to your email a few times a month.