ਤਾਜਾ ਖਬਰਾਂ
ਅਜਨਾਲਾ ਥਾਣੇ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅੱਜ ਅਜਨਾਲਾ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ (VC) ਰਾਹੀਂ ਹੋਈ ਪੇਸ਼ੀ ਦੌਰਾਨ ਪੁਲਿਸ ਨੇ ਆਪਣੀ ਤਫ਼ਤੀਸ਼ ਮੁਕੰਮਲ ਕਰਦਿਆਂ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੁਣ ਇਸ ਦਾ ਟ੍ਰਾਇਲ ਅੰਮ੍ਰਿਤਸਰ ਦੀ ਸੈਸ਼ਨ ਕੋਰਟ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਰੀਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ ਨਿਆਇਕ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਅੱਜ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੇਸ਼ ਕੀਤਾ ਗਿਆ ਸੀ। ਪੁਲਿਸ ਵੱਲੋਂ ਚਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਅਦਾਲਤ ਨੇ ਕੇਸ ਨੂੰ ਸੈਸ਼ਨ ਕੋਰਟ ਹਵਾਲੇ ਕਰ ਦਿੱਤਾ ਹੈ, ਜਿੱਥੇ 2 ਮਈ ਨੂੰ ਮਾਮਲੇ ਦੀ ਪਹਿਲੀ ਸੁਣਵਾਈ ਹੋਵੇਗੀ। ਐਫਆਈਆਰ ਨੰਬਰ 39 ਵਿੱਚ ਅੰਮ੍ਰਿਤਪਾਲ ਸਿੰਘ ਆਖਰੀ ਮੁਲਜ਼ਮ ਸਨ ਜਿਨ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ।
ਬਚਾਅ ਪੱਖ ਦੇ ਵਕੀਲ ਨੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਦਾਅਵਾ ਕੀਤਾ ਕਿ ਜਾਂਚ ਦੌਰਾਨ ਅੰਮ੍ਰਿਤਪਾਲ ਸਿੰਘ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਹੋਈ ਹੈ। ਐਡਵੋਕੇਟ ਸੰਧੂ ਅਨੁਸਾਰ ਪੁਲਿਸ ਨੇ ਹਥਿਆਰਾਂ ਅਤੇ ਵਾਹਨਾਂ ਦੀ ਬਰਾਮਦਗੀ ਦੇ ਜੋ ਦਾਅਵੇ ਕੀਤੇ ਸਨ, ਉਹ ਜਾਂਚ ਵਿੱਚ ਸਾਬਤ ਨਹੀਂ ਹੋ ਸਕੇ। ਇਹੀ ਕਾਰਨ ਰਿਹਾ ਕਿ ਅਦਾਲਤ ਨੇ ਪੁਲਿਸ ਨੂੰ ਸਿਰਫ਼ ਦੋ ਦਿਨਾਂ ਦਾ ਰਿਮਾਂਡ ਦਿੱਤਾ ਅਤੇ ਮਹਿਜ਼ ਇੱਕ ਹਫ਼ਤੇ ਵਿੱਚ ਜਾਂਚ ਸਮੇਟਣੀ ਪਈ।
ਅਦਾਲਤੀ ਹੁਕਮਾਂ ਅਨੁਸਾਰ ਸਾਂਸਦ ਅੰਮ੍ਰਿਤਪਾਲ ਸਿੰਘ ਫਿਲਹਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਨਿਆਇਕ ਹਿਰਾਸਤ ਅਧੀਨ ਰਹਿਣਗੇ। ਸੁਰੱਖਿਆ ਕਾਰਨਾਂ ਕਰਕੇ ਅਗਲੀਆਂ ਪੇਸ਼ੀਆਂ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਭੁਗਤੀਆਂ ਜਾਣਗੀਆਂ। ਹੁਣ ਸਭ ਦੀਆਂ ਨਜ਼ਰਾਂ 2 ਮਈ ਨੂੰ ਅੰਮ੍ਰਿਤਸਰ ਸੈਸ਼ਨ ਕੋਰਟ ਵਿੱਚ ਹੋਣ ਵਾਲੀ ਸੁਣਵਾਈ 'ਤੇ ਟਿਕੀਆਂ ਹੋਈਆਂ ਹਨ, ਜਿੱਥੋਂ ਇਸ ਬਹੁ-ਚਰਚਿਤ ਕੇਸ ਦੇ ਟ੍ਰਾਇਲ ਦੀ ਅਧਿਕਾਰਤ ਸ਼ੁਰੂਆਤ ਹੋਵੇਗੀ।
Get all latest content delivered to your email a few times a month.