ਤਾਜਾ ਖਬਰਾਂ
ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (CISCE) ਵੱਲੋਂ ਅੱਜ ICSE (10ਵੀਂ) ਅਤੇ ISC (12ਵੀਂ) ਜਮਾਤਾਂ ਦੇ ਸਾਲਾਨਾ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਸਵੇਰੇ 11 ਵਜੇ ਨਤੀਜੇ ਜਨਤਕ ਹੁੰਦਿਆਂ ਹੀ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪਿਛਲੇ ਸਾਲਾਂ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਇਸ ਵਾਰ ਵੀ ਕੁੜੀਆਂ ਨੇ ਮੁੰਡਿਆਂ ਨੂੰ ਪਛਾੜਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ ਡਿਜੀਲਾਕਰ, ਉਮੰਗ ਐਪ ਅਤੇ ਐਸ.ਐਮ.ਐਸ. ਰਾਹੀਂ ਚੈੱਕ ਕਰ ਸਕਦੇ ਹਨ।
ਇਸ ਸਾਲ ISC (12ਵੀਂ) ਦੀ ਕੁੱਲ ਪਾਸ ਪ੍ਰਤੀਸ਼ਤਤਾ 99.13% ਰਹੀ ਹੈ, ਜਿਸ ਵਿੱਚ ਕੁੜੀਆਂ ਨੇ 99.48% ਅਤੇ ਮੁੰਡਿਆਂ ਨੇ 98.81% ਨਾਲ ਸਫਲਤਾ ਹਾਸਲ ਕੀਤੀ। ਦੂਜੇ ਪਾਸੇ, ICSE (10ਵੀਂ) ਦਾ ਨਤੀਜਾ 99.18% ਰਿਹਾ, ਜਿੱਥੇ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 99.46% ਅਤੇ ਮੁੰਡਿਆਂ ਦੀ 98.93% ਦਰਜ ਕੀਤੀ ਗਈ। ਹਾਲਾਂਕਿ ਮੁੰਡਿਆਂ ਅਤੇ ਕੁੜੀਆਂ ਦੇ ਨਤੀਜਿਆਂ ਵਿੱਚ ਬਹੁਤ ਮਾਮੂਲੀ ਅੰਤਰ ਹੈ, ਪਰ ਕੁੜੀਆਂ ਦੋਵਾਂ ਹੀ ਜਮਾਤਾਂ ਵਿੱਚ ਮੋਹਰੀ ਰਹੀਆਂ ਹਨ।
ICSE (10ਵੀਂ): ਇਸ ਸਾਲ 2,957 ਸਕੂਲਾਂ ਦੇ ਕੁੱਲ 2,58,721 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ਜਮਾਤ ਵਿੱਚ ਕੁੱਲ 67 ਵਿਸ਼ਿਆਂ ਦੀ ਪ੍ਰੀਖਿਆ ਲਈ ਗਈ।
ISC (12ਵੀਂ): ਕੁੱਲ 1,553 ਸਕੂਲਾਂ ਦੇ 1,03,316 ਵਿਦਿਆਰਥੀ ਮੈਦਾਨ ਵਿੱਚ ਸਨ। 12ਵੀਂ ਜਮਾਤ ਵਿੱਚ 45 ਲਿਖਤੀ ਵਿਸ਼ਿਆਂ ਦੀ ਪ੍ਰੀਖਿਆ ਲਈ ਗਈ।
ਬੋਰਡ ਨੇ ਵਿਦਿਆਰਥੀਆਂ ਦੀ ਸਹੂਲਤ ਲਈ CAREERS ਪੋਰਟਲ ਅਤੇ ਹੋਰ ਡਿਜੀਟਲ ਮਾਧਿਅਮਾਂ 'ਤੇ ਨਤੀਜੇ ਉਪਲਬਧ ਕਰਵਾਏ ਹਨ। ਨਤੀਜਿਆਂ ਦੇ ਸ਼ਾਨਦਾਰ ਰਹਿਣ ਨਾਲ ਸਕੂਲਾਂ ਅਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਹੈ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ 99 ਫ਼ੀਸਦੀ ਤੋਂ ਵੱਧ ਨਤੀਜਾ ਰਹਿਣਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਬਦਲਦੇ ਵਿਦਿਅਕ ਢਾਂਚੇ ਦੀ ਸਫਲਤਾ ਦਾ ਪ੍ਰਤੀਕ ਹੈ।
Get all latest content delivered to your email a few times a month.