ਤਾਜਾ ਖਬਰਾਂ
ਪਟਿਆਲਾ ਜ਼ਿਲ੍ਹੇ ਦੇ ਨਾਭਾ ਇਲਾਕੇ ਦੇ ਪਿੰਡ ਰੋਕੀ ਵਿੱਚ ਵਾਪਰੀ ਇੱਕ ਦਹਿਲਾ ਦੇਣ ਵਾਲੀ ਘਟਨਾ ਵਿੱਚ 35 ਸਾਲਾ ਕਿਸਾਨ ਮੋਹਨਦਾਸ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਥਾਣਾ ਸਦਰ ਨਾਭਾ ਦੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਕਿ ਮੋਹਨਦਾਸ ਦਾ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਸਦੇ ਆਪਣੇ ਪਿਤਾ ਜਸਪਾਲ ਦਾਸ ਨੇ ਆਪਣੇ ਸਾਥੀ ਅਤੇ ਮ੍ਰਿਤਕ ਦੇ ਦੋਸਤ ਰਾਜਿੰਦਰ ਸਿੰਘ ਨਾਲ ਮਿਲ ਕੇ ਕੀਤਾ।
ਡੀਐਸਪੀ ਗੁਰਿੰਦਰ ਸਿੰਘ ਬੱਲ ਅਤੇ ਐਸਐਚਓ ਜਸਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 27 ਅਪ੍ਰੈਲ ਨੂੰ ਮਿਲੀ ਸੂਚਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੀਸੀਟੀਵੀ ਫੁਟੇਜ, ਕਾਲ ਡਿਟੇਲ ਰਿਕਾਰਡ ਅਤੇ ਟਾਵਰ ਲੋਕੇਸ਼ਨ ਦੇ ਆਧਾਰ 'ਤੇ ਜਾਂਚ ਅੱਗੇ ਵਧਾਈ। ਤਕਨੀਕੀ ਸਬੂਤਾਂ ਦੇ ਆਧਾਰ 'ਤੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਾਂਚ ਵਿੱਚ ਸਾਹਮਣੇ ਆਇਆ ਕਿ ਮੋਹਨਦਾਸ ਦਾ ਸੁਭਾਅ ਝਗੜਾਲੂ ਸੀ ਅਤੇ ਉਹ ਘਰ ਵਿੱਚ ਅਕਸਰ ਹਿੰਸਕ ਵਰਤਾਅ ਕਰਦਾ ਸੀ। ਉਹ ਆਪਣੀ ਪਤਨੀ, ਬੱਚਿਆਂ ਅਤੇ ਆਪਣੇ ਪਿਤਾ ਨਾਲ ਵੀ ਕੁੱਟਮਾਰ ਕਰਦਾ ਰਹਿੰਦਾ ਸੀ। ਲੰਮੇ ਸਮੇਂ ਤੋਂ ਚੱਲ ਰਹੇ ਇਸ ਤਣਾਅ ਅਤੇ ਡਰ ਦੇ ਮਾਹੌਲ ਕਾਰਨ ਪਿਤਾ ਨੇ ਆਪਣੇ ਪੁੱਤਰ ਦੇ ਦੋਸਤ ਨਾਲ ਮਿਲ ਕੇ ਇਸ ਕਤਲ ਦੀ ਯੋਜਨਾ ਬਣਾਈ।
ਪੁਲਿਸ ਅਨੁਸਾਰ, ਪਿਤਾ ਨੂੰ ਇਹ ਵੀ ਡਰ ਸੀ ਕਿ ਭਵਿੱਖ ਵਿੱਚ ਮੋਹਨਦਾਸ ਉਸਦੀ ਜਾਨ ਲਈ ਖਤਰਾ ਬਣ ਸਕਦਾ ਹੈ, ਜਿਸ ਕਾਰਨ ਉਸ ਨੇ ਇਹ ਕਠੋਰ ਕਦਮ ਚੁੱਕਿਆ। ਇਸ ਮਾਮਲੇ ਨੇ ਨਾ ਸਿਰਫ ਪਰਿਵਾਰਕ ਸੰਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਹਨ, ਸਗੋਂ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਫਿਲਹਾਲ ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਮਾਮਲੇ ਦੀ ਹੋਰ ਡੂੰਘੀ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.