ਤਾਜਾ ਖਬਰਾਂ
ਜਿੱਥੇ 1 ਮਈ ਨੂੰ ਪੂਰੇ ਸੂਬੇ ਵਿੱਚ 'ਮਹਾਰਾਸ਼ਟਰ ਦਿਵਸ' ਦਾ ਉਤਸ਼ਾਹ ਸੀ, ਉੱਥੇ ਹੀ ਪੁਣੇ ਦੇ ਭੋਰ ਤਾਲੁਕਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਨਸਰਾਪੁਰ ਪਿੰਡ ਵਿੱਚ ਇੱਕ 65 ਸਾਲਾ ਬਜ਼ੁਰਗ ਵੱਲੋਂ 4 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਿਣਾਉਣੀ ਘਟਨਾ ਨੇ ਪੂਰੇ ਇਲਾਕੇ ਵਿੱਚ ਭਾਰੀ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, 65 ਸਾਲਾ ਦੋਸ਼ੀ ਘਰ ਦੇ ਬਾਹਰ ਖੇਡ ਰਹੀ ਬੱਚੀ ਨੂੰ ਬਹਿਲਾ-ਫੁਸਲਾ ਕੇ ਇੱਕ ਤਬੇਲੇ ਵਿੱਚ ਲੈ ਗਿਆ। ਉੱਥੇ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਤੋਂ ਬਾਅਦ, ਪਛਾਣੇ ਜਾਣ ਦੇ ਡਰ ਤੋਂ ਦੋਸ਼ੀ ਨੇ ਬੱਚੀ ਦਾ ਪੱਥਰ ਨਾਲ ਸਿਰ ਕੁਚਲ ਕੇ ਕਤਲ ਕਰ ਦਿੱਤਾ। ਸਬੂਤ ਮਿਟਾਉਣ ਦੀ ਕੋਸ਼ਿਸ਼ ਵਿੱਚ ਉਸ ਨੇ ਮਾਸੂਮ ਦੀ ਲਾਸ਼ ਨੂੰ ਗੋਹੇ ਦੇ ਢੇਰ ਦੇ ਹੇਠਾਂ ਦਬਾ ਦਿੱਤਾ ਸੀ।
ਜਦੋਂ ਕਾਫੀ ਦੇਰ ਤੱਕ ਬੱਚੀ ਘਰ ਨਾ ਮੁੜੀ ਤਾਂ ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕੀਤੀ। ਤਲਾਸ਼ੀ ਦੌਰਾਨ ਬੱਚੀ ਦੀ ਲਾਸ਼ ਤਬੇਲੇ ਵਿੱਚੋਂ ਬਰਾਮਦ ਹੋਈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾਣ 'ਤੇ ਦੋਸ਼ੀ ਬੱਚੀ ਨੂੰ ਆਪਣੇ ਨਾਲ ਤਬੇਲੇ ਵੱਲ ਲਿਜਾਂਦਾ ਸਾਫ਼ ਦਿਖਾਈ ਦਿੱਤਾ, ਜਿਸ ਤੋਂ ਬਾਅਦ ਇਸ ਘਿਣਾਉਣੇ ਅਪਰਾਧ ਦਾ ਪਰਦਾਫਾਸ਼ ਹੋਇਆ।
ਘਟਨਾ ਤੋਂ ਭੜਕੇ ਹਜ਼ਾਰਾਂ ਪਿੰਡ ਵਾਸੀਆਂ ਨੇ ਹਾਈਵੇਅ 'ਤੇ 'ਰਸਤਾ ਰੋਕੋ' ਅੰਦੋਲਨ ਸ਼ੁਰੂ ਕਰ ਦਿੱਤਾ। ਗੁੱਸੇ ਵਿੱਚ ਆਏ ਲੋਕ ਬੱਚੀ ਦੀ ਲਾਸ਼ ਲੈ ਕੇ ਪੁਲਿਸ ਸਟੇਸ਼ਨ ਪਹੁੰਚ ਗਏ ਅਤੇ ਦੋਸ਼ੀ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਜਾਂਦੀ, ਉਹ ਪ੍ਰਦਰਸ਼ਨ ਖ਼ਤਮ ਨਹੀਂ ਕਰਨਗੇ। ਫਿਲਹਾਲ ਪਿੰਡ ਵਿੱਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
Get all latest content delivered to your email a few times a month.