ਤਾਜਾ ਖਬਰਾਂ
ਜਲੰਧਰ ਜ਼ਿਲ੍ਹੇ ਦੇ ਨਕੋਦਰ ਇਲਾਕੇ ਵਿੱਚ ਨੂਰਮਹਿਲ ਰੋਡ ‘ਤੇ ਸੰਗਤਪੁਰ ਬੱਸ ਸਟੈਂਡ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਈ-ਰਿਕਸ਼ਾ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਇਹ ਟੱਕਰ ਇੱਕ ਤੇਜ਼ ਰਫ਼ਤਾਰ ਕਾਰ ਅਤੇ ਈ-ਰਿਕਸ਼ਾ ਦਰਮਿਆਨ ਹੋਈ, ਜੋ ਇੰਨੀ ਭਿਆਨਕ ਸੀ ਕਿ ਰਿਕਸ਼ਾ ਪੂਰੀ ਤਰ੍ਹਾਂ ਨੁਕਸਾਨੀ ਹੋ ਗਿਆ।
ਮ੍ਰਿਤਕ ਦੀ ਪਛਾਣ 58 ਸਾਲਾ ਕੁਲਦੀਪ ਸਿੰਘ ਵਜੋਂ ਹੋਈ ਹੈ, ਜੋ ਆਪਣਾ ਗੁਜ਼ਾਰਾ ਕਰਨ ਲਈ ਸਵੇਰੇ ਦੁਕਾਨਾਂ ‘ਤੇ ਪਾਣੀ ਦੇ ਕੈਂਪਰ ਸਪਲਾਈ ਕਰਦਾ ਸੀ। ਹਾਦਸੇ ਦੇ ਸਮੇਂ ਉਹ ਨੂਰਮਹਿਲ ਵੱਲ ਜਾ ਰਿਹਾ ਸੀ। ਦੂਜੇ ਪਾਸੇ, ਕਾਰ (ਨੰਬਰ PB 43 H 0452) ਚਲਾ ਰਿਹਾ ਬਿੱਟੂ ਕੁਮਾਰ, ਜੋ ਲੁਧਿਆਣਾ ਦੇ ਮਾਛੀਵਾੜਾ ਦਾ ਰਹਿਣ ਵਾਲਾ ਹੈ, ਆਪਣੇ ਪਰਿਵਾਰ ਸਮੇਤ ਨਕੋਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਵਾਪਸ ਘਰ ਜਾ ਰਿਹਾ ਸੀ।
ਟੱਕਰ ਦੇ ਨਾਲ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਫਿਲੌਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਮ੍ਰਿਤਕ ਦੇ ਭਰਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਰਾਹੀਂ ਹਾਦਸੇ ਦੀ ਖ਼ਬਰ ਮਿਲੀ ਅਤੇ ਮੌਕੇ ‘ਤੇ ਪਹੁੰਚ ਕੇ ਉਹਨਾਂ ਨੇ ਆਪਣੇ ਭਰਾ ਨੂੰ ਮ੍ਰਿਤਕ ਹਾਲਤ ਵਿੱਚ ਦੇਖਿਆ।
ਪੁਲਿਸ ਅਧਿਕਾਰੀ ਏਐਸਆਈ ਬਗੀਚਾ ਸਿੰਘ ਮੁਤਾਬਕ, ਹਾਦਸੇ ਦੀ ਸੂਚਨਾ ਮਿਲਦੇ ਹੀ ਟੀਮ ਮੌਕੇ ‘ਤੇ ਪਹੁੰਚ ਗਈ ਸੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਕਾਰ ਚਾਲਕ ਬਿੱਟੂ ਕੁਮਾਰ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰਕ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਹਾਦਸਾ ਇਕ ਵਾਰ ਫਿਰ ਸੜਕ ਸੁਰੱਖਿਆ ਅਤੇ ਤੇਜ਼ ਰਫ਼ਤਾਰ ਦੇ ਖ਼ਤਰੇ ਬਾਰੇ ਗੰਭੀਰ ਸਵਾਲ ਖੜੇ ਕਰਦਾ ਹੈ।
Get all latest content delivered to your email a few times a month.