ਤਾਜਾ ਖਬਰਾਂ
ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਰਾਣਾ ਬਲਾਚੌਰੀਆ ਕਤਲ ਕੇਸ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਮੁੱਖ ਸ਼ੂਟਰ ਆਦਿਤਿਆ ਉਰਫ਼ ਮੱਖਣ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਪੀ. ਬਿਕਰਮ ਬਰਾੜ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਨੇ ਹਾਈ-ਪ੍ਰੋਫਾਈਲ ਕਤਲ ਕੇਸ ਦੀ ਗੁੰਝਲ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਲਗਾਤਾਰ ਪੁਲਿਸ ਨੂੰ ਚਕਮਾ ਦੇ ਰਿਹਾ ਸੀ।
ਜ਼ਿਕਰਯੋਗ ਹੈ ਕਿ ਮੁਹਾਲੀ ਦੇ ਸੋਹਾਣਾ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਗੈਂਗਸਟਰ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਬਲੈਰੋ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ। ਰਾਣਾ ਉਸ ਵੇਲੇ ਦਰਸ਼ਕਾਂ ਵਿੱਚ ਬੈਠਾ ਮੈਚ ਦਾ ਆਨੰਦ ਮਾਣ ਰਿਹਾ ਸੀ। ਸੂਤਰਾਂ ਅਨੁਸਾਰ, ਹਮਲਾਵਰਾਂ ਨੇ ਪਹਿਲਾਂ ਫੋਟੋ ਖਿਚਵਾਉਣ ਦਾ ਬਹਾਨਾ ਬਣਾ ਕੇ ਉਸ ਕੋਲ ਪਹੁੰਚ ਕੀਤੀ ਅਤੇ ਫਿਰ ਅਚਾਨਕ ਉਸ ਦੇ ਸਿਰ ਵਿੱਚ ਗੋਲੀਆਂ ਮਾਰ ਦਿੱਤੀਆਂ। ਰਾਣਾ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਿਦਿਆਂ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮੱਖਣ ਕਪੂਰ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਵਿੱਚ ਮੁੱਖ ਤੌਰ 'ਤੇ ਸ਼ਾਮਲ ਸੀ। ਕਤਲ ਤੋਂ ਬਾਅਦ ਤੋਂ ਹੀ AGTF ਉਸ ਦੀ ਪੈੜ ਨੱਪ ਰਹੀ ਸੀ। ਪੁਲਿਸ ਨੇ ਤਕਨੀਕੀ ਮਾਹਿਰਾਂ ਅਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਉਸ ਨੂੰ ਕਾਬੂ ਕੀਤਾ ਹੈ। ਜਾਂਚ ਟੀਮ ਦਾ ਮੰਨਣਾ ਹੈ ਕਿ ਮੱਖਣ ਕਪੂਰ ਦੀ ਪੁੱਛਗਿੱਛ ਦੌਰਾਨ ਗੈਂਗਸਟਰਾਂ ਦੇ ਕਈ ਹੋਰ ਲਿੰਕ ਅਤੇ ਆਉਣ ਵਾਲੀਆਂ ਸੰਭਾਵੀ ਵਾਰਦਾਤਾਂ ਬਾਰੇ ਅਹਿਮ ਖੁਲਾਸੇ ਹੋ ਸਕਦੇ ਹਨ।
ਐਸ.ਪੀ. ਬਿਕਰਮ ਬਰਾੜ ਦੀ ਨਿਗਰਾਨੀ ਹੇਠ ਹੋਈ ਇਸ ਗ੍ਰਿਫ਼ਤਾਰੀ ਨੇ ਪੁਲਿਸ ਦੇ ਮਨੋਬਲ ਨੂੰ ਹੋਰ ਉੱਚਾ ਕੀਤਾ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਸ਼ਾਮਲ ਹੋਰਨਾਂ ਮੁਲਜ਼ਮਾਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਸੂਬੇ ਵਿੱਚ ਅਮਨ-ਸ਼ਾਂਤੀ ਭੰਗ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
Get all latest content delivered to your email a few times a month.