ਤਾਜਾ ਖਬਰਾਂ
ਜਲੰਧਰ ਦੇ ਬੀ.ਐਸ.ਐਫ. (BSF) ਚੌਕ ਨੇੜੇ ਹੋਏ ਸਕੂਟੀ ਧਮਾਕੇ ਦੀ ਜਾਂਚ ਕਰ ਰਹੀਆਂ ਸੁਰੱਖਿਆ ਏਜੰਸੀਆਂ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਅਤੇ ਜਾਂਚ ਏਜੰਸੀਆਂ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਜਲੰਧਰ ਦੇ ਜਮਸ਼ੇਰ ਇਲਾਕੇ ਤੋਂ ਇੱਕ ਸ਼ੱਕੀ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਕੋਲੋਂ ਮਾਰੂ ਹਥਿਆਰ, ਜਿਨ੍ਹਾਂ ਵਿੱਚ ਹੈਂਡ ਗ੍ਰਨੇਡ ਅਤੇ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਸ਼ਾਮਲ ਹਨ, ਬਰਾਮਦ ਕੀਤੇ ਗਏ ਹਨ।
ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ, ਜੋ ਨਵਾਂਸ਼ਹਿਰ ਦੇ ਬੰਗਾ ਇਲਾਕੇ ਦਾ ਰਹਿਣ ਵਾਲਾ ਹੈ। ਦਵਿੰਦਰ ਨੂੰ ਫ਼ੌਜੀ ਟਿਕਾਣੇ ਦੇ ਨੇੜਿਓਂ ਕਾਬੂ ਕੀਤਾ ਗਿਆ ਹੈ। ਜਾਂਚ ਵਿੱਚ ਖ਼ੁਲਾਸਾ ਹੋਇਆ ਹੈ ਕਿ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. (ISI) ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਸਰਹੱਦ ਪਾਰੋਂ ਮਿਲੇ ਨਿਰਦੇਸ਼ਾਂ 'ਤੇ ਹੀ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚ ਰਿਹਾ ਸੀ।
ਪੁੱਛਗਿੱਛ ਦੌਰਾਨ ਦਵਿੰਦਰ ਨੇ ਕਬੂਲਿਆ ਹੈ ਕਿ ਉਸ ਨੂੰ ਧਮਾਕਾਖੇਜ਼ ਸਮੱਗਰੀ ਅਤੇ ਗ੍ਰਨੇਡ ਦੀ ਸਪਲਾਈ ਡਰੋਨ ਰਾਹੀਂ ਕੀਤੀ ਗਈ ਸੀ। ਹਾਲਾਂਕਿ, ਉਹ ਖ਼ੁਦ ਨੂੰ ਬਚਾਉਣ ਲਈ ਇਹ ਦਾਅਵਾ ਕਰ ਰਿਹਾ ਹੈ ਕਿ ਉਸ ਦਾ ਕੰਮ ਸਿਰਫ਼ ਡਿਲੀਵਰੀ ਲੈਣਾ ਸੀ ਅਤੇ ਉਸ ਨੂੰ ਅਗਲੇ ਨਿਸ਼ਾਨੇ (Target) ਬਾਰੇ ਜਾਣਕਾਰੀ ਨਹੀਂ ਸੀ। ਪਰ ਏਜੰਸੀਆਂ ਨੂੰ ਸ਼ੱਕ ਹੈ ਕਿ ਉਹ ਕਈ ਅਹਿਮ ਤੱਥ ਛੁਪਾ ਰਿਹਾ ਹੈ।
ਦਵਿੰਦਰ ਸਿੰਘ ਦੇ ਤਾਰ ਪੁਰਾਣੀਆਂ ਅੱਤਵਾਦੀ ਘਟਨਾਵਾਂ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ:
ਫਰਵਰੀ ਮਹੀਨੇ ਵਿੱਚ ਫਗਵਾੜਾ ਬੱਸ ਸਟੈਂਡ ਨੇੜੇ ਹੋਏ ਧਮਾਕੇ ਵਿੱਚ ਉਸ ਦਾ ਹੱਥ ਹੋ ਸਕਦਾ ਹੈ।
1 ਅਪ੍ਰੈਲ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਹੈੱਡਕੁਆਰਟਰ 'ਤੇ ਹੋਏ ਗ੍ਰਨੇਡ ਹਮਲੇ ਵਿੱਚ ਵੀ ਉਸ ਨੇ ਹੀ ਹਥਿਆਰ ਸਪਲਾਈ ਕੀਤੇ ਸਨ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦਵਿੰਦਰ ਪੁਰਤਗਾਲ ਅਤੇ ਜਰਮਨੀ ਵਿੱਚ ਬੈਠੇ ਅੱਤਵਾਦੀ ਹੈਂਡਲਰਾਂ ਦੇ ਸੰਪਰਕ ਵਿੱਚ ਸੀ। ਇਸੇ ਕੜੀ ਦੇ ਤਹਿਤ ਪੰਜਾਬ ਪੁਲਿਸ ਨੇ ਦਿੱਲੀ ਤੋਂ ਵੀ ਇੱਕ ਹੋਰ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਦੀ ਕੋਈ ਤਸਵੀਰ ਜਾਂ ਵੀਡੀਓ ਜਾਰੀ ਨਹੀਂ ਕੀਤੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਵਿੱਚ ਸਰਗਰਮ ਪੂਰੇ ਨੈੱਟਵਰਕ ਨੂੰ ਤਬਾਹ ਕੀਤਾ ਜਾ ਸਕੇ।
Get all latest content delivered to your email a few times a month.