ਤਾਜਾ ਖਬਰਾਂ
ਨੇੜਲੇ ਪਿੰਡ ਲੁੰਡੇਵਾਲਾ ਵਿੱਚ ਬੀਤੀ ਰਾਤ ਇੱਕ ਅਜਿਹਾ ਦਰਦਨਾਕ ਹਾਦਸਾ ਵਾਪਰਿਆ, ਜਿਸ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਰਾਤ ਦੇ ਕਰੀਬ 3 ਵਜੇ ਇੱਕ ਪੁਰਾਣੇ ਮਕਾਨ ਦੀ ਛੱਤ ਅਚਾਨਕ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ 38 ਸਾਲਾ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦੀ ਸੱਸ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਪਿੰਡ ਦੇ ਸਰਪੰਚ ਸਮਿੰਦਰ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਜਗਵੀਰ ਸਿੰਘ ਦੀ ਪਤਨੀ ਅਮਨਦੀਪ ਕੌਰ (38) ਅਤੇ ਉਸ ਦੀ ਮਾਤਾ ਹਰਜੀਤ ਕੌਰ ਕਮਰੇ ਵਿੱਚ ਸੁੱਤੇ ਹੋਏ ਸਨ, ਜਦੋਂ ਅਚਾਨਕ ਛੱਤ ਉਨ੍ਹਾਂ ਉੱਪਰ ਆ ਡਿੱਗੀ। ਧਮਾਕੇ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਦੋਹਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ। ਬਦਕਿਸਮਤੀ ਨਾਲ, ਅਮਨਦੀਪ ਕੌਰ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦਕਿ ਹਰਜੀਤ ਕੌਰ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਘਟਨਾ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਪਰਿਵਾਰ ਆਪਣਾ ਨਵਾਂ ਘਰ ਤਿਆਰ ਕਰ ਰਿਹਾ ਸੀ। ਮਕਾਨ ਪੁਰਾਣਾ ਹੋਣ ਕਾਰਨ ਨਵੀਂ ਕੋਠੀ ਬਣਾਈ ਜਾ ਰਹੀ ਸੀ, ਜਿਸ ਦਾ ਲੈਂਟਰ ਕੁਝ ਦਿਨ ਪਹਿਲਾਂ ਹੀ ਪਾਇਆ ਗਿਆ ਸੀ। ਪਰਿਵਾਰ ਬਹੁਤ ਜਲਦ ਨਵੇਂ ਘਰ ਵਿੱਚ ਸ਼ਿਫਟ ਹੋਣ ਦੀ ਤਿਆਰੀ ਕਰ ਰਿਹਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਜਾਣਕਾਰੀ ਅਨੁਸਾਰ, ਜਿਸ ਵੇਲੇ ਇਹ ਹਾਦਸਾ ਵਾਪਰਿਆ, ਜਗਵੀਰ ਸਿੰਘ ਅਤੇ ਉਸ ਦਾ ਪੁੱਤਰ ਦੂਜੇ ਕਮਰੇ ਵਿੱਚ ਸੁੱਤੇ ਹੋਏ ਸਨ। ਉਹ ਕਮਰਾ ਸੁਰੱਖਿਅਤ ਰਹਿਣ ਕਾਰਨ ਦੋਵਾਂ ਦੀ ਜਾਨ ਬਚ ਗਈ। ਪਿੰਡ ਵਾਸੀਆਂ ਅਤੇ ਪੰਚਾਇਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਮਾਲੀ ਹਾਲਤ ਅਤੇ ਇਸ ਭਾਰੀ ਨੁਕਸਾਨ ਨੂੰ ਦੇਖਦੇ ਹੋਏ ਤੁਰੰਤ ਆਰਥਿਕ ਮਦਦ ਦਿੱਤੀ ਜਾਵੇ।
ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਮਾਤਮ ਪਸਰਿਆ ਹੋਇਆ ਹੈ ਅਤੇ ਹਰ ਕੋਈ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰ ਰਿਹਾ ਹੈ।
Get all latest content delivered to your email a few times a month.