ਤਾਜਾ ਖਬਰਾਂ
ਹਿਸਾਰ ਦੇ ਪਾਸ਼ ਇਲਾਕੇ ਰੈੱਡ ਸਕੁਏਅਰ ਮਾਰਕੀਟ ਵਿੱਚ ਸਥਿਤ 'ਹੋਟਲ ਡਿਜ਼ਾਇਰ' ਵਿੱਚ ਬੁੱਧਵਾਰ ਸ਼ਾਮ ਨੂੰ ਲੱਗੀ ਭਿਆਨਕ ਅੱਗ ਨੇ ਹਾਹਾਕਾਰ ਮਚਾ ਦਿੱਤੀ। ਚਾਰ ਮੰਜ਼ਿਲਾ ਇਸ ਹੋਟਲ ਦੀ ਰਸੋਈ ਤੋਂ ਸ਼ੁਰੂ ਹੋਈ ਅੱਗ ਨੇ ਦੇਖਦੇ ਹੀ ਦੇਖਦੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ ਹੋਟਲ ਵਿੱਚ ਲੱਗੇ ਏਅਰ ਕੰਡੀਸ਼ਨਰ (AC) ਧਮਾਕਿਆਂ ਨਾਲ ਫਟ ਗਏ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਸ਼ਾਮ ਕਰੀਬ 4 ਵਜੇ ਹੋਟਲ ਦੀ ਰਸੋਈ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਭੜਕੀ। ਉਸ ਸਮੇਂ ਹੋਟਲ ਵਿੱਚ ਪੰਜ ਕਰਮਚਾਰੀ ਮੌਜੂਦ ਸਨ, ਜਿਨ੍ਹਾਂ ਨੇ ਸ਼ੁਰੂਆਤੀ ਪੱਧਰ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਗ ਤੇਜ਼ੀ ਨਾਲ ਫੈਲਣ ਕਾਰਨ ਉਨ੍ਹਾਂ ਨੂੰ ਰੌਲਾ ਪਾਉਂਦੇ ਹੋਏ ਬਾਹਰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਹੋਟਲ ਦੀ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਨੂੰ ਵੀ ਅੱਗ ਲੱਗ ਗਈ, ਜਿਸ ਕਾਰਨ ਸਥਾਨਕ ਲੋਕਾਂ ਨੇ ਤੁਰੰਤ ਵਾਹਨਾਂ ਨੂੰ ਉੱਥੋਂ ਹਟਾਉਣਾ ਸ਼ੁਰੂ ਕੀਤਾ।
ਅੱਗ ਦੀ ਲਪੇਟ ਵਿੱਚ ਹੋਟਲ ਦੇ ਨਾਲ ਲੱਗਦੀ ਇਮਾਰਤ ਵੀ ਆ ਗਈ, ਜਿਸ ਦੀ ਦੂਜੀ ਮੰਜ਼ਿਲ 'ਤੇ ਇੱਕ ਕੁੜੀ ਫਸ ਗਈ। ਹੇਠਾਂ ਖੜ੍ਹੇ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਕੰਬਲ ਤਾਣੇ ਅਤੇ ਕੁੜੀ ਨੂੰ ਉੱਪਰੋਂ ਛਾਲ ਮਾਰਨ ਲਈ ਕਿਹਾ। ਕੁੜੀ ਨੇ ਕੰਬਲ 'ਤੇ ਛਾਲ ਮਾਰ ਕੇ ਆਪਣੀ ਜਾਨ ਤਾਂ ਬਚਾ ਲਈ, ਪਰ ਇਮਾਰਤ ਤੋਂ ਡਿੱਗੀ ਇੱਕ ਇੱਟ ਉਸ ਦੇ ਸਿਰ 'ਤੇ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਮੌਕੇ 'ਤੇ ਪਹੁੰਚੀਆਂ। ਅੱਗ ਦਾ ਧੂੰਆਂ 5 ਕਿਲੋਮੀਟਰ ਦੂਰ ਤੋਂ ਵੀ ਸਾਫ਼ ਦੇਖਿਆ ਜਾ ਸਕਦਾ ਸੀ। ਲਗਭਗ ਤਿੰਨ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਸਾਵਧਾਨੀ ਵਜੋਂ ਹੋਟਲ ਦੇ ਨਾਲ ਲੱਗਦੇ ਸਾਰੇ ਅਦਾਰਿਆਂ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਤੁਰੰਤ ਖ਼ਾਲੀ ਕਰਵਾ ਲਿਆ ਗਿਆ ਸੀ। ਫਿਲਹਾਲ ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
Get all latest content delivered to your email a few times a month.