ਤਾਜਾ ਖਬਰਾਂ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਵਿਰੁੱਧ ਸਿਆਸੀ ਮੋਰਚਾ ਖੋਲ੍ਹ ਦਿੱਤਾ ਹੈ। ਧਾਲੀਵਾਲ ਨੇ ਸਰਹੱਦੀ ਸੁਰੱਖਿਆ ਅਤੇ ਪੰਜਾਬ ਵਿੱਚ ਵਧ ਰਹੀਆਂ ਡਰੋਨ ਗਤੀਵਿਧੀਆਂ ਨੂੰ ਲੈ ਕੇ ਕੇਂਦਰ ਦੀ ਨੀਅਤ 'ਤੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਧਾਲੀਵਾਲ ਨੇ ਸਿੱਧਾ ਨਿਸ਼ਾਨਾ ਸਾਧਦਿਆਂ ਪੁੱਛਿਆ ਕਿ ਦੇਸ਼ ਵਿੱਚ ਜਦੋਂ ਵੀ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਹੈ, ਉਦੋਂ ਹੀ ਬੰਬ ਧਮਾਕੇ ਅਤੇ ਅੱਤਵਾਦੀ ਹਮਲੇ ਕਿਉਂ ਤੇਜ਼ ਹੋ ਜਾਂਦੇ ਹਨ? ਉਨ੍ਹਾਂ ਪੁਲਵਾਮਾ, ਪਠਾਨਕੋਟ ਅਤੇ ਦੀਨਾਨਗਰ ਵਰਗੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਜਪਾ ਚੋਣਾਂ ਦੌਰਾਨ ਡਰ ਦਾ ਮਾਹੌਲ ਪੈਦਾ ਕਰਕੇ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਇਨ੍ਹਾਂ ਵੱਡੇ ਹਮਲਿਆਂ ਦੀਆਂ ਜਾਂਚ ਰਿਪੋਰਟਾਂ ਅੱਜ ਤੱਕ ਜਨਤਕ ਨਹੀਂ ਕੀਤੀਆਂ ਗਈਆਂ।
ਕੇਂਦਰ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਰ-ਵਾਰ ਕੇਂਦਰ ਤੋਂ ਐਂਟੀ-ਡਰੋਨ ਸਿਸਟਮ ਅਤੇ ਆਧੁਨਿਕ ਟੈਕਨਾਲੋਜੀ ਦੀ ਮੰਗ ਕੀਤੀ ਹੈ, ਪਰ ਹਾਲੇ ਤੱਕ ਸਰਹੱਦਾਂ 'ਤੇ ਤਾਇਨਾਤ ਜਵਾਨਾਂ ਨੂੰ ਲੋੜੀਂਦਾ ਸਾਜੋ-ਸਾਮਾਨ ਮੁਹੱਈਆ ਨਹੀਂ ਕਰਵਾਇਆ ਗਿਆ। ਉਨ੍ਹਾਂ ਪਠਾਨਕੋਟ ਵਿੱਚ ਪੰਜਾਬ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਡਰੋਨ ਹਥਿਆਰਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਵੱਡੀ ਚੁਣੌਤੀ ਦੱਸਿਆ।
ਤਰੁਣ ਚੁੱਘ ਵੱਲੋਂ ਮੁੱਖ ਮੰਤਰੀ ਨੂੰ ਭੇਜੇ ਗਏ ਮਾਣਹਾਨੀ ਨੋਟਿਸ 'ਤੇ ਪ੍ਰਤੀਕਿਰਿਆ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਨੋਟਿਸਾਂ ਦਾ ਜਵਾਬ ਕਾਨੂੰਨੀ ਤੌਰ 'ਤੇ ਦਿੱਤਾ ਜਾਵੇਗਾ, ਪਰ ਪਾਰਟੀ ਸੱਚ ਬੋਲਣ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਭਾਜਪਾ ਆਗੂਆਂ ਵੱਲੋਂ 'ਆਪ' ਵਿਧਾਇਕਾਂ ਲਈ ਵਰਤੀ ਗਈ 'ਭੇੜ-ਬੱਕਰੀਆਂ' ਵਰਗੀ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਦੀ ਸ਼ਿਕਾਇਤ ਵਿਧਾਨ ਸਭਾ ਸਪੀਕਰ ਨੂੰ ਕੀਤੀ ਜਾਵੇਗੀ।
ਬੇਅਦਬੀ ਕਾਨੂੰਨ ਦੇ ਮੁੱਦੇ 'ਤੇ ਉਨ੍ਹਾਂ ਅਕਾਲੀ ਦਲ ਨੂੰ ਘੇਰਦਿਆਂ ਕਿਹਾ ਕਿ ਜਦੋਂ ਵਿਧਾਨ ਸਭਾ ਵਿੱਚ ਇਸ ਅਹਿਮ ਕਾਨੂੰਨ 'ਤੇ ਚਰਚਾ ਹੋ ਰਹੀ ਸੀ, ਉਦੋਂ ਅਕਾਲੀ ਦਲ ਦੇ ਨੁਮਾਇੰਦੇ ਗੈਰ-ਹਾਜ਼ਰ ਸਨ। ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਨਸ਼ਿਆਂ, ਗੈਂਗਸਟਰਵਾਦ ਅਤੇ ਅੱਤਵਾਦ ਵਿਰੁੱਧ ਆਪਣੀ ਜੰਗ ਜਾਰੀ ਰੱਖੇਗੀ ਅਤੇ ਸੂਬੇ ਦੀ ਸ਼ਾਂਤੀ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।
Get all latest content delivered to your email a few times a month.