IMG-LOGO
ਹੋਮ ਪੰਜਾਬ: ਭਗਵੰਤ ਮਾਨ ਸਰਕਾਰ ਵੱਲੋਂ ਫ਼ਰੀਦਕੋਟ 'ਚ ਗ਼ੈਰ-ਕਾਨੂੰਨੀ ਖਾਦ ਅਤੇ ਕੀਟਨਾਸ਼ਕ...

ਭਗਵੰਤ ਮਾਨ ਸਰਕਾਰ ਵੱਲੋਂ ਫ਼ਰੀਦਕੋਟ 'ਚ ਗ਼ੈਰ-ਕਾਨੂੰਨੀ ਖਾਦ ਅਤੇ ਕੀਟਨਾਸ਼ਕ ਯੂਨਿਟ ਦਾ ਪਰਦਾਫ਼ਾਸ਼, ਐਫ.ਆਈ.ਆਰ. ਦਰਜ

Admin User - May 07, 2026 04:18 PM
IMG

ਚੰਡੀਗੜ੍ਹ, 7 ਮਈ:

ਸੂਬੇ ਵਿੱਚ ਨਕਲੀ ਖੇਤੀ ਉਤਪਾਦਾਂ ’ਤੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਫ਼ਰੀਦਕੋਟ ਦੀ ਇੱਕ ਰਿਹਾਇਸ਼ੀ ਜਾਇਦਾਦ ’ਤੇ ਛਾਪਾ ਮਾਰਿਆ ਅਤੇ ਬਿਨਾਂ ਕਿਸੇ ਲਾਇਸੈਂਸ ਜਾਂ ਕਾਨੂੰਨੀ ਪ੍ਰਵਾਨਗੀ ਤੋਂ ਚੱਲ ਰਹੀ ਗੈਰ-ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫ਼ਾਸ਼ ਕੀਤਾ। ਅੱਜ ਸਿਟੀ ਪੁਲਿਸ ਸਟੇਸ਼ਨ, ਫ਼ਰੀਦਕੋਟ ਵਿਖੇ ਉਸ ਮਕਾਨ ਦੇ ਮਾਲਕ ਰਾਜਿੰਦਰ ਸੇਠੀ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ, ਜਿੱਥੋਂ ਗੈਰ-ਕਾਨੂੰਨੀ ਅਤੇ ਮਿਆਦ ਪੁੱਗੀਆਂ ਖੇਤੀ ਵਸਤਾਂ ਬਰਾਮਦ ਹੋਈਆਂ ਹਨ।

ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦੇ ਹੋਏ ਖੇਤੀਬਾੜੀ ਵਿਭਾਗ ਦੀ ਟੀਮ ਨੇ ਸਥਾਨਕ ਪੁਲਿਸ ਦੀ ਮੌਜੂਦਗੀ ਵਿੱਚ ਮਕਾਨ ਨੰਬਰ: 87, ਗਲੀ ਨੰਬਰ 2, ਨਰਾਇਣ ਨਗਰ, ਫ਼ਰੀਦਕੋਟ ਵਿਖੇ ਛਾਪੇਮਾਰੀ ਕੀਤੀ। ਉਕਤ ਜਾਇਦਾਦ ਦੇ ਮਾਲਕ ਦੀ ਪਛਾਣ ਰਾਜਿੰਦਰ ਸੇਠੀ ਵਜੋਂ ਹੋਈ ਹੈ, ਜੋ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਚਲਾ ਰਿਹਾ ਸੀ।  ਇਹ ਨਕਲੀ ਅਤੇ ਹਲਕੀ ਗੁਣਵੱਤਾ ਵਾਲੇ ਖੇਤੀ ਪਦਾਰਥ ਉਹ ਮੈਸਰਜ਼ ਅਮਰਾਵਤੀ ਐਗਰੋ ਕਾਰਪੋਰੇਸ਼ਨ, ਨਾਲਾਗੜ੍ਹ, ਸੋਲਨ, ਹਿਮਾਚਲ ਪ੍ਰਦੇਸ਼ ਤੋਂ ਪ੍ਰਾਪਤ ਕਰਦਾ ਸੀ । ਬਰਾਮਦ ਕੀਤੇ ਖੇਤੀ ਉਤਪਾਦਾਂ ਦੀ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਹੋਰ ਜਾਂਚ ਤੋਂ ਪਤਾ ਲੱਗਾ ਕਿ ਸੇਠੀ ਦੇ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਜਾਰੀ ਕੀਤੇ ਪ੍ਰਚੂਨ ਖਾਦ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਸੀ, ਫਿਰ ਵੀ ਉਹ, ਖਾਦ ਕੰਟਰੋਲ ਆਰਡਰ, 1985 ਦੀ ਉਲੰਘਣਾ ਕਰਕੇ ਵਪਾਰਕ ਗਤੀਵਿਧੀਆਂ ਚਲਾ ਰਿਹਾ ਸੀ। 

ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਲੈਬਾਰਿਟ੍ਰੀ ਜਾਂਚ ਲਈ ਇਸ ਮਕਾਨ ਤੋਂ ਨਕਲੀ ਖਾਦ ਦੇ 18 ਨਮੂਨੇ ਇਕੱਠੇ ਕੀਤੇ ਹਨ। ਇਸ ਤੋਂ ਇਲਾਵਾ ਮੌਕੇ ਤੋਂ ਮਿਆਦ ਪੁੱਗ ਚੁੱਕੀ ਖਾਦ ਦੇ ਦੋ ਬੈਚ ਅਤੇ ਅੱਠ ਮਿਆਦ ਪੁੱਗੇ ਕੀਟਨਾਸ਼ਕ ਵੀ ਜ਼ਬਤ ਕੀਤੇ ਗਏ ਹਨ। ਮਿਆਦ ਪੁੱਗ ਚੁੱਕੇ ਸਟਾਕ ਦੇ ਰਸਮੀ ਨਮੂਨੇ ਨਹੀਂ ਲਏ ਗਏ ਕਿਉਂਕਿ ਉਤਪਾਦ ਸਪੱਸ਼ਟ ਤੌਰ ’ਤੇ ਖਰਾਬ, ਨਾ-ਵਰਤਣਯੋਗ ਅਤੇ ਸ਼ੈਲਫ-ਲਾਈਫ ਨਿਯਮਾਂ ਦੀ ਉਲੰਘਣਾ ਵਾਲੇ ਸਨ।

ਟੀਮ ਨੇ ਇਹ ਵੀ ਪਾਇਆ ਕਿ ਰਾਜਿੰਦਰ ਸੇਠੀ ਆਪਣੀ ਰਿਹਾਇਸ਼ ਤੋਂ, ਬਿਨਾਂ ਕਿਸੇ ਕਾਨੂੰਨੀ ਪ੍ਰਵਾਨਗੀ ਜਾਂ ਲਾਇਸੈਂਸ ਦੇ ਇੱਕ ਗੈਰ-ਕਾਨੂੰਨੀ ਪੈਕੇਜਿੰਗ ਯੂਨਿਟ ਚਲਾ ਰਿਹਾ ਸੀ। ਜ਼ਿਕਰਯੋਗ ਹੈ ਕਿ ਛਾਪੇਮਾਰੀ ਦੌਰਾਨ ਸ਼ੱਕੀ ਨਕਲੀ ਖਾਦ ਦੀਆਂ ਬਿਨਾਂ ਮਾਰਕੇ ਵਾਲੀਆਂ ਅਤੇ ਖੁੱਲ੍ਹੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਅਤੇ ਨਾਲ ਹੀ ਗੈਰ-ਕਾਨੂੰਨੀ ਰੀਪੈਕਿੰਗ ਲਈ ਵਰਤੇ ਜਾਣ ਵਾਲੇ ਸਿਲਾਈ ਅਤੇ ਸੀਲਿੰਗ ਉਪਕਰਣ ਵੀ ਬਰਾਮਦ ਕੀਤੇ ਗਏ।

ਖੇਤੀਬਾੜੀ ਵਿਭਾਗ ਦੀ ਟੀਮ ਦੀ ਸ਼ਿਕਾਇਤ ’ਤੇ, ਫ਼ਰੀਦਕੋਟ ਪੁਲਿਸ ਨੇ ਰਜਿੰਦਰ ਸੇਠੀ ਵਿਰੁੱਧ ਬੀ.ਐਨ.ਐਸ. 2023 ਦੀ ਧਾਰਾ 318(4) ਅਤੇ 61 (2); ਖਾਦ ਕੰਟਰੋਲ ਆਰਡਰ, 1985 ਦੀਆਂ ਧਾਰਾਵਾਂ 7 ਅਤੇ 8; ਜ਼ਰੂਰੀ ਵਸਤੂਆਂ (ਈਸੀ) ਐਕਟ, 1955 ਦੀਆਂ ਧਾਰਾਵਾਂ 3(2)(ਡੀ) ਅਤੇ 7; ਕੀਟਨਾਸ਼ਕ ਐਕਟ, 1968 ਦੀਆਂ ਧਾਰਾਵਾਂ 13, 17, 18, 23, 29 ਅਤੇ 33 ਅਤੇ ਕੀਟਨਾਸ਼ਕ ਨਿਯਮਾਂ, 1971 ਦੇ ਨਿਯਮ 10, 12, 15 ਅਤੇ 36 ਤਹਿਤ ਕੇਸ ਦਰਜ ਕੀਤਾ ਗਿਆ।

ਸੂਬੇ ਭਰ ਦੇ ਕਿਸਾਨਾਂ ਨੂੰ ਕਿਸੇ ਵੀ ਸ਼ੱਕੀ ਖਾਦ ਜਾਂ ਕੀਟਨਾਸ਼ਕ ਆਊਟਲੈੱਟ ਦੀ ਵਿਭਾਗ ਨੂੰ ਰਿਪੋਰਟ ਕਰਨ ਬਾਰੇ ਅਪੀਲ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, “ਇਹ ਅਪਰਾਧਿਕ ਲਾਪਰਵਾਹੀ ਅਤੇ ਕਿਸਾਨਾਂ ਨਾਲ ਜਾਣਬੁੱਝ ਕੇ ਕੀਤੀ ਧੋਖਾਧੜੀ ਦਾ ਮਾਮਲਾ ਹੈ। ਰਿਹਾਇਸ਼ੀ ਖੇਤਰ ਤੋਂ ਗੈਰ-ਕਾਨੂੰਨੀ ਪੈਕੇਜਿੰਗ ਯੂਨਿਟ ਚਲਾਉਣਾ, ਮਿਆਦ ਪੁੱਗੇ ਕੀਟਨਾਸ਼ਕਾਂ ਨੂੰ ਸਟੋਰ ਕਰਨਾ ਅਤੇ ਬਿਨਾਂ ਲਾਇਸੈਂਸ ਤੋਂ ਕਾਰੋਬਾਰ ਚਲਾਉਣਾ ਨਾ-ਮੁਆਫ਼ੀਯੋਗ ਅਪਰਾਧ ਹੈ। ਅਸੀਂ ਇਸ ਛਾਪੇਮਾਰੀ ’ਤੇ ਨਹੀਂ ਰੁਕਾਂਗੇ ਬਲਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼-ਅਧਾਰਤ ਫਰਮ ਸਮੇਤ ਪੂਰੀ ਸਪਲਾਈ ਚੇਨ ਦੀ ਜਾਂਚ ਕਰੇਗੀ। ਪੰਜਾਬ ਦੇ ਕਿਸਾਨਾਂ ਨੂੰ ਨਕਲੀ ਜਾਂ ਮਿਆਦ ਪੁੱਗ ਚੁੱਕੇ ਖੇਤੀ-ਸਾਧਨ ਵੇਚਣ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।”


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.