ਤਾਜਾ ਖਬਰਾਂ
ਪੰਜਾਬ ਵਿੱਚ ਨਕਲੀ ਖੇਤੀਬਾੜੀ ਉਤਪਾਦਾਂ ਖ਼ਿਲਾਫ਼ ਚੱਲ ਰਹੀ ਸਖ਼ਤ ਮੁਹਿੰਮ ਤਹਿਤ ਫ਼ਰੀਦਕੋਟ ਵਿੱਚ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਨਰਾਇਣ ਨਗਰ ਸਥਿਤ ਇੱਕ ਰਿਹਾਇਸ਼ੀ ਮਕਾਨ ‘ਤੇ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼ ਕੀਤਾ ਹੈ। ਮਕਾਨ ਮਾਲਕ ਰਾਜਿੰਦਰ ਸੇਠੀ ਵਿਰੁੱਧ ਸਿਟੀ ਥਾਣਾ ਫ਼ਰੀਦਕੋਟ ਵਿੱਚ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਟੀਮ ਨੂੰ ਵੱਡੀ ਮਾਤਰਾ ਵਿੱਚ ਨਕਲੀ, ਘੱਟ ਗੁਣਵੱਤਾ ਵਾਲੇ ਅਤੇ ਮਿਆਦ ਪੁੱਗੇ ਖੇਤੀ ਉਤਪਾਦ ਮਿਲੇ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਮਾਨ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਸਥਿਤ ਮੈਸਰਜ਼ ਅਮਰਾਵਤੀ ਐਗਰੋ ਕਾਰਪੋਰੇਸ਼ਨ ਤੋਂ ਲਿਆਂਦਾ ਜਾਂਦਾ ਸੀ।
ਵਿਭਾਗ ਵੱਲੋਂ ਮੌਕੇ ਤੋਂ ਨਕਲੀ ਖਾਦ ਦੇ 18 ਸੈਂਪਲ ਲੈਬ ਟੈਸਟ ਲਈ ਇਕੱਠੇ ਕੀਤੇ ਗਏ ਹਨ। ਇਸ ਦੇ ਨਾਲ ਹੀ ਮਿਆਦ ਪੁੱਗ ਚੁੱਕੀ ਖਾਦ ਦੇ ਦੋ ਬੈਚ ਅਤੇ ਅੱਠ ਐਕਸਪਾਇਰ ਕੀਟਨਾਸ਼ਕ ਵੀ ਜ਼ਬਤ ਕੀਤੇ ਗਏ। ਅਧਿਕਾਰੀਆਂ ਅਨੁਸਾਰ ਇਹ ਉਤਪਾਦ ਵਰਤੋਂ ਯੋਗ ਨਹੀਂ ਸਨ ਅਤੇ ਨਿਯਮਾਂ ਦੀ ਸਿੱਧੀ ਉਲੰਘਣਾ ਕਰ ਰਹੇ ਸਨ।
ਛਾਪੇਮਾਰੀ ਦੌਰਾਨ ਟੀਮ ਨੂੰ ਬਿਨਾਂ ਮਾਰਕਾ ਵਾਲੀਆਂ ਖਾਦ ਦੀਆਂ ਬੋਰੀਆਂ, ਖੁੱਲ੍ਹਾ ਸਮਾਨ ਅਤੇ ਗੈਰ-ਕਾਨੂੰਨੀ ਰੀਪੈਕਿੰਗ ਲਈ ਵਰਤੇ ਜਾਣ ਵਾਲੇ ਸੀਲਿੰਗ ਤੇ ਸਿਲਾਈ ਉਪਕਰਣ ਵੀ ਬਰਾਮਦ ਹੋਏ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਰਾਜਿੰਦਰ ਸੇਠੀ ਦਾ ਖਾਦ ਵੇਚਣ ਲਈ ਜਾਰੀ ਲਾਇਸੈਂਸ ਮਿਆਦ ਪੁੱਗ ਚੁੱਕਾ ਸੀ, ਫਿਰ ਵੀ ਉਹ ਬਿਨਾਂ ਪ੍ਰਵਾਨਗੀ ਕਾਰੋਬਾਰ ਚਲਾ ਰਿਹਾ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਬੀਐਨਐਸ 2023, ਖਾਦ ਕੰਟਰੋਲ ਆਰਡਰ 1985, ਜ਼ਰੂਰੀ ਵਸਤੂਆਂ ਐਕਟ 1955 ਅਤੇ ਕੀਟਨਾਸ਼ਕ ਐਕਟ 1968 ਤਹਿਤ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ।
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਥਾਂ ਸ਼ੱਕੀ ਖਾਦ ਜਾਂ ਕੀਟਨਾਸ਼ਕ ਵੇਚੇ ਜਾਣ ਦੀ ਜਾਣਕਾਰੀ ਮਿਲੇ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਕਲੀ ਖੇਤੀ ਉਤਪਾਦਾਂ ਦੀ ਪੂਰੀ ਸਪਲਾਈ ਚੇਨ ਦੀ ਜਾਂਚ ਕਰੇਗੀ ਅਤੇ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
Get all latest content delivered to your email a few times a month.