ਤਾਜਾ ਖਬਰਾਂ
ਚੰਡੀਗੜ੍ਹ, 8 ਮਈ: ਪੰਜਾਬ ਕਾਂਗਰਸ ਦੇ ਇੱਕ ਵਫ਼ਦ ਨੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਅੱਜ ਸੂਬਾ ਚੋਣ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਆਉਣ ਵਾਲੀਆਂ ਸਥਾਨਕ ਸਰਕਾਰ ਚੋਣਾਂ ਦੇ ਸਬੰਧ ਵਿੱਚ ਵਿਰੋਧੀ ਪਾਰਟੀਆਂ ਪ੍ਰਤੀ ਸਥਾਨਕ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਕਰਨ ਦਾ ਮੁੱਦਾ ਚੁੱਕਿਆ।
ਵਫ਼ਦ ਵਿੱਚ ਸੰਦੀਪ ਸੰਧੂ ਤੋਂ ਇਲਾਵਾ, ਸੀਨੀਅਰ ਪਾਰਟੀ ਆਗੂ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਗੁਰਕੀਰਤ ਕੋਟਲੀ ਅਤੇ ਹੋਰ ਆਗੂ ਵੀ ਸ਼ਾਮਲ ਸਨ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸੰਧੂ ਨੇ ਕਿਹਾ ਕਿ ਵਫ਼ਦ ਨੇ ਸੂਬਾ ਚੋਣ ਕਮਿਸ਼ਨਰ ਦੇ ਧਿਆਨ ਵਿੱਚ ਉਹ ਵੱਖ-ਵੱਖ ਮੁਸ਼ਕਿਲਾਂ ਲਿਆਂਦੀਆਂ ਹਨ, ਜਿਨ੍ਹਾਂ ਦਾ ਸਾਹਮਣਾ ਵਿਰੋਧੀ ਪਾਰਟੀਆਂ, ਖਾਸ ਕਰਕੇ ਕਾਂਗਰਸ, ਨੂੰ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਕਮੇਟੀਆਂ, ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਸਬੰਧੀ ਸਥਾਨਕ ਪ੍ਰਸ਼ਾਸਨ ਨਾਲ ਕਰਨਾ ਪੈ ਰਿਹਾ ਹੈ।
ਸੂਬਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਪਾਰਟੀ ਨੇ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਸਥਾਨਕ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਦਿੱਤੀਆਂ ਜਾਣ ਕਿ ਉਹ ਵੱਖ-ਵੱਖ ਪ੍ਰਸ਼ਾਸਕੀ ਲੋੜਾਂ ਦੇ ਮਾਮਲਿਆਂ ਵਿੱਚ ਵਿਰੋਧੀ ਪਾਰਟੀਆਂ ਨਾਲ ਸਹਿਯੋਗ ਕਰਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਸਥਾਨਕ ਪ੍ਰਸ਼ਾਸਨ ਸਾਡੇ ਵੱਲੋਂ ਸਮੇਂ-ਸਮੇਂ ‘ਤੇ ਉਠਾਏ ਜਾਂਦੇ ਮੁੱਦਿਆਂ, ਸ਼ਿਕਾਇਤਾਂ ਜਾਂ ਇਤਰਾਜ਼ਾਂ ਨੂੰ ਨਹੀਂ ਸੁਣਦਾ ਹੈ, ਜਿਹੜੇ ਪੂਰੀ ਤਰ੍ਹਾਂ ਜਾਇਜ਼ ਅਤੇ ਵਾਜਬ ਹੁੰਦੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਵਿਰੋਧੀ ਧਿਰ ਪ੍ਰਤੀ ਵੈਰਭਾਵ ਰੱਖਦਾ ਹੈ।
ਇਸ ਤੋਂ ਇਲਾਵਾ, ਸੰਧੂ ਨੇ ਖ਼ੁਲਾਸਾ ਕੀਤਾ ਕਿ ਪਾਰਟੀ ਨੇ ਵੋਟਰ ਸੂਚੀਆਂ ਦਾ ਮੁੱਦਾ ਵੀ ਉਠਾਇਆ ਹੈ, ਕਿਉਂਕਿ ਇਹ ਸੂਚੀਆਂ ਸੰਬੰਧਿਤ ਖੇਤਰਾਂ ਲਈ ਜਾਰੀ ਕੀਤੇ ਗਏ ਨਕਸ਼ਿਆਂ ਨਾਲ ਠੀਕ ਤਰ੍ਹਾਂ ਮੇਲ ਨਹੀਂ ਖਾਂਦੀਆਂ। ਉਨ੍ਹਾਂ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚ ਇਕਸਾਰਤਾ ਨਹੀਂ ਹੈ, ਕਿਉਂਕਿ ਕੁਝ ਵਾਰਡਾਂ ਵਿੱਚ 2000 ਵੋਟਰ ਹਨ, ਜਦਕਿ ਕੁਝ ਹੋਰ ਵਾਰਡਾਂ ਵਿੱਚ ਇਹ ਗਿਣਤੀ 5000 ਤੱਕ ਹੈ।
Get all latest content delivered to your email a few times a month.