ਤਾਜਾ ਖਬਰਾਂ
ਨੂਰਪੁਰ ਬੇਦੀ ਦੇ ਇਲਾਕੇ ਵਿੱਚ ਬੀਤੀ ਦੇਰ ਸ਼ਾਮ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਇਲੈਕਟ੍ਰੋਨਿਕਸ ਸ਼ੋਅਰੂਮ ਦੇ ਬਾਹਰ ਕੁਝ ਹਮਲਾਵਰਾਂ ਨੇ ਇੱਕ 25 ਸਾਲਾ ਨੌਜਵਾਨ 'ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਹਰਮੋਲ ਸਿੰਘ ਪੁੱਤਰ ਜਸਵੀਰ ਸਿੰਘ, ਵਾਸੀ ਪਿੰਡ ਸ਼ਾਹਪੁਰ ਬੇਲਾ ਵਜੋਂ ਹੋਈ ਹੈ। ਇਸ ਕਤਲਕਾਂਡ ਤੋਂ ਤੁਰੰਤ ਬਾਅਦ ਮੁਲਜ਼ਮ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਵਾਰਦਾਤ ਦੀ ਜ਼ਿੰਮੇਵਾਰੀ ਲਈ, ਜਿਸ ਨੇ ਪੁਲਿਸ ਅਤੇ ਸਥਾਨਕ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ, ਹਰਮੋਲ ਸਿੰਘ ਆਪਣੇ ਇੱਕ ਦੋਸਤ ਨਾਲ ਆਜ਼ਮਪੁਰ ਨੇੜੇ ਸਥਿਤ 'ਭੁੱਲਰ ਇਲੈਕਟ੍ਰੋਨਿਕਸ' ਸ਼ੋਅਰੂਮ ਤੋਂ ਸਾਮਾਨ ਖਰੀਦ ਕੇ ਬਾਹਰ ਨਿਕਲਿਆ ਸੀ। ਜਿਵੇਂ ਹੀ ਉਹ ਸੜਕ 'ਤੇ ਪਹੁੰਚਿਆ, ਉੱਥੇ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਜ਼ਖ਼ਮੀ ਹਾਲਤ ਵਿੱਚ ਹਰਮੋਲ ਨੂੰ ਸਿੰਘਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵਾਰਦਾਤ ਤੋਂ ਕੁਝ ਦੇਰ ਬਾਅਦ ਹੀ ਮੁਲਜ਼ਮ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਭ ਦੇ ਸਾਹਮਣੇ ਕਤਲ ਦੀ ਗੱਲ ਕਬੂਲੀ। ਮੁਲਜ਼ਮ ਨੇ ਦੱਸਿਆ ਕਿ ਇਹ ਕਤਲ ਪੁਰਾਣੀ ਰੰਜਿਸ਼ ਦਾ ਨਤੀਜਾ ਹੈ। ਉਸ ਨੇ ਇਲਜ਼ਾਮ ਲਗਾਇਆ ਕਿ ਹਰਮੋਲ ਸਿੰਘ ਨੇ ਸੱਤ ਸਾਲ ਪਹਿਲਾਂ ਉਸ ਦੇ ਭਰਾ ਦਾ ਕਤਲ ਕੀਤਾ ਸੀ ਅਤੇ ਹੁਣ ਉਹ ਉਸ ਦੇ ਪਰਿਵਾਰ ਨੂੰ ਦੇਖ ਕੇ ਉਕਸਾਉਂਦਾ ਸੀ, ਜਿਸ ਕਾਰਨ ਉਸ ਨੇ ਇਸ ਕਤਲ ਨੂੰ ਅੰਜਾਮ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਨੂਰਪੁਰ ਬੇਦੀ ਥਾਣੇ ਦੇ ਐਸਐਚਓ ਰੋਹਿਤ ਸ਼ਰਮਾ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਦਹਿਸ਼ਤ ਅਤੇ ਤਣਾਅ ਪਾਇਆ ਜਾ ਰਿਹਾ ਹੈ।
Get all latest content delivered to your email a few times a month.