IMG-LOGO
ਹੋਮ ਪੰਜਾਬ: ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਪੰਜਾਬ...

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਪੰਜਾਬ ਸਰਕਾਰ ਦੀਆਂ ਵੱਡੀਆਂ ਤਿਆਰੀਆਂ: ਕਪੂਰਥਲਾ ਤੇ ਫਗਵਾੜਾ 'ਚ ਹੋਣਗੇ ਰਾਜ ਪੱਧਰੀ ਸਮਾਗਮ

Admin User - May 12, 2026 02:34 PM
IMG

ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਤੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਪੂਰਥਲਾ ਅਤੇ ਫਗਵਾੜਾ ਵਿਖੇ ਮਈ ਮਹੀਨੇ ਦੇ ਵਿੱਚ ਹੋਣ ਵਾਲੇ ਰਾਜ ਪੱਧਰੀ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਗੌਰਵ ਧੁਰਾ ਅਤੇ ਜਿਲਾ ਪ੍ਰਧਾਨਾਂ ਸਮੇਤ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਵੀ ਸ਼ਾਮਿਲ ਸਨ ।

ਇਸ ਦੌਰਾਨ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਸਮਾਗਮ ਕਰਵਾਏ ਜਾਣਗੇ। ਇਸ ਦੇ ਤਹਿਤ ਕਪੂਰਥਲਾ ਅਤੇ ਫਗਵਾੜਾ ਵਿਖੇ ਵੀ ਮਈ ਮਹੀਨੇ ਦੇ ਵਿੱਚ ਰਾਜ ਪੱਧਰੀ ਸਮਾਗਮ ਹੋਣਗੇ ਜਿਸ ਦੀਆਂ ਤਰੀਕਾਂ ਸਬੰਧੀ ਬਾਅਦ ਦੇ ਵਿੱਚ ਜਾਣਕਾਰੀ ਮੁਹਈਆ ਕਰਾਈ ਜਾਵੇਗੀ। 

ਉਹਨਾਂ ਨੇ ਕਿਹਾ ਕਿ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਪੱਧਰੀ ਸਮਾਗਮਾਂ ਅਤੇ ਪਹਿਲਕਦਮੀਆਂ ਦੀ ਰੂਪਰੇਖਾ ਤਿਆਰ ਕੀਤੀ ਹੈ। ਇਨ੍ਹਾਂ ਸਮਾਗਮਾਂ ਵਿੱਚ ਸੈਮੀਨਾਰ, ਕੀਰਤਨ ਸਮਾਗਮ, ਯਾਤਰਾਵਾਂ, ਪੌਦੇ ਲਗਾਉਣ ਦੀਆਂ ਮੁਹਿੰਮਾਂ ਅਤੇ 650 ਏਕੜ ਵਿੱਚ 'ਗੁਰੂ ਰਵਿਦਾਸ ਬਗੀਚੀਆਂ' ਲਾਉਣਾ ਸ਼ਾਮਲ ਹੈ ਅਤੇ ਇਸ ਸਬੰਧੀ ਮੁੱਖ ਸਮਾਗਮ ਖੁਰਾਲਗੜ੍ਹ ਵਿਖੇ ਹੋਵੇਗਾ।

ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਸੁਭਾਗ ਹਾਸਲ ਹੋਇਆ ਹੈ।

ਉਹਨਾਂ ਨੇ ਕਿਹਾ ਕਿ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਗੁਰੂ ਜੀ ਦੇ ਸੰਦੇਸ਼ ਨੂੰ ਦੁਨੀਆ ਭਰ ਤੱਕ ਪਹੁੰਚਾਉਣਾ ਸਾਡਾ ਸਮੂਹਿਕ ਫਰਜ਼ ਹੈ।"

ਉਨ੍ਹਾਂ ਕਿਹਾ, “ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਹਰ ਭੇਦਭਾਵ ਤੋਂ ਮੁਕਤ ਬਰਾਬਰੀ ਵਾਲੇ ਸਮਾਜ ਦੀ ਕਲਪਨਾ ਕੀਤੀ ਸੀ। ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਗਾਮੀ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਇਆ ਜਾਵੇ। 

ਉਹਨਾਂ ਨੇ ਸਮਾਗਮ ਦੀਆਂ ਤਿਆਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ  “ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਯੋਜਨਾ ਉਲੀਕੀ ਗਈ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਮੁੱਚੀ ਮਨੁੱਖਤਾ ਦੀ ਭਲਾਈ ਅਤੇ ਸਾਰੇ ਵਰਗਾਂ ਦੀ ਬਰਾਬਰੀ ਦਾ ਸੰਦੇਸ਼ ਦਿੱਤਾ ਅਤੇ ਅਜਿਹੇ ਸਮਾਨਤਾਵਾਦੀ ਸਮਾਜ ਦੀ ਨੀਂਹ ਰੱਖੀ ਜਿੱਥੇ ਕੋਈ ਵੀ ਦੁਖੀ ਨਾ ਹੋਵੇ।”

ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਸਿਧਾਂਤਾਂ ਦੇ ਆਧਾਰ 'ਤੇ ਸਮਾਜ ਦੀ ਉਸਾਰੀ ਲਈ ਵਚਨਬੱਧ ਹੈ, ਜੋ ਮਨੁੱਖਤਾ ਨੂੰ ਬਰਾਬਰੀ ਵੱਲ ਸੇਧਿਤ ਕਰਦੇ ਰਹਿੰਦੇ ਹਨ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗਰੀਬਾਂ ਅਤੇ ਪਛੜੇ ਵਰਗ ਦੇ ਲੋਕਾਂ ਲਈ ਮਹਾਨ ਅਧਿਆਤਮਿਕ ਦੂਤ ਅਤੇ ਮਸੀਹਾ ਸਨ, ਜਿਨ੍ਹਾਂ ਨੇ ਸਾਨੂੰ ਨੈਤਿਕ ਜੀਵਨ ਜਿਉਣ ਦੀ ਸੇਧ ਦਿੱਤੀ। 


ਉਹਨਾਂ ਨੇ ਸਮੂਹ ਸੰਤ ਸਮਾਜ ਨੂੰ 650ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਵਵਿਆਪੀ ਜਸ਼ਨਾਂ ਲਈ ਮਾਗਰਦਰਸ਼ਨ ਕਰਨ ਅਤੇ ਸੁਝਾਅ ਦੇਣ ਦੀ ਅਪੀਲ ਵੀ ਕੀਤੀ । 

ਉਹਨਾਂ ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਜਸ਼ਨਾਂ ਵਿੱਚ ਸੈਮੀਨਾਰ ਅਤੇ ਵਰਕਸ਼ਾਪਾਂ, ਵਿਸ਼ੇਸ਼ ਕੀਰਤਨ ਸਮਾਗਮ, ਤੀਰਥ ਯਾਤਰਾ, ਸਕੂਲ ਵਾਰ ਮੁਕਾਬਲੇ, ਦਸਤਾਵੇਜ਼ੀ ਸ਼ੋਅ, ਡਰੋਨ ਸ਼ੋਅ, ਖੂਨਦਾਨ ਕੈਂਪ, ਪੌਦੇ ਲਾਉਣ ਦੀ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਤੋ ਇਲਾਵਾ ਗੁਰੂ ਰਵਿਦਾਸ ਜੀ ਬਗੀਚੀਆਂ ਦੀ ਸਥਾਪਨਾ ਪੰਜਾਬ ਭਰ ਵਿੱਚ ਕੁੱਲ 650 ਏਕੜ ਪੰਚਾਇਤੀ ਜ਼ਮੀਨ 'ਤੇ ਪ੍ਰਤੀ ਜ਼ਿਲ੍ਹਾ ਔਸਤਨ 6.50 ਲੱਖ ਪੌਦੇ ਲਾਉਣ ਦੀ ਮੁਹਿੰਮ ਦੇ ਨਾਲ-ਨਾਲ ਮੈਰਾਥਨ, ਸ਼ੋਭਾ ਯਾਤਰਾਵਾਂ, ਸਾਈਕਲ ਰੈਲੀਆਂ ਅਤੇ ਹੋਰਨਾਂ ਪ੍ਰੋਗਰਾਮਾਂ ਰਾਹੀਂ ਕੀਤੀ ਜਾਵੇਗੀ।

650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ ਵਿੱਚ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਪ੍ਰਦਰਸ਼ਨੀ ਦਾ ਉਦਘਾਟਨ, ਕਥਾ ਅਤੇ ਕੀਰਤਨ ਦਰਬਾਰ, ਸ੍ਰੀ ਗੁਰੂ ਰਵਿਦਾਸ ਜੀ ਦੇ ਯੋਗਦਾਨ ਨੂੰ ਸਮਰਪਿਤ ਸੰਤ ਸੰਮੇਲਨ, ਮੀਨਾਰ-ਏ-ਬੇਗਮਪੁਰਾ ਵਿਖੇ 3ਡੀ ਪ੍ਰੋਜੈਕਸ਼ਨ, ਡਰੋਨ ਸ਼ੋਅ, ਗੁਰੂ ਰਵਿਦਾਸ ਜੀ ਦੀ ਬਾਣੀ 'ਤੇ ਕਾਨਫਰੰਸ ਅਤੇ ਹੋਰ ਪ੍ਰੋਗਰਾਮ ਸ਼ਾਮਲ ਹੋਣਗੇ।

ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਪੂਰਥਲਾ ਅਤੇ ਫਗਵਾੜਾ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮਾਂ ਦੀਆਂ ਤਿਆਰੀਆਂ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਵੀ ਕਿਹਾ। 

ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ, ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਫਗਵਾੜਾ ਤੋਂ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ, ਸੁਲਤਾਨਪੁਰ ਲੋਧੀ ਤੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੋਂ ਇਲਾਵਾ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.