ਤਾਜਾ ਖਬਰਾਂ
ਭਾਰਤ ਦੀਆਂ ਜਾਂਚ ਏਜੰਸੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਦਿਆਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਕੇਂਦਰੀ ਜਾਂਚ ਬਿਊਰੋ (CBI), ਵਿਦੇਸ਼ ਮੰਤਰਾਲੇ ਅਤੇ ਦਿੱਲੀ ਪੁਲਿਸ ਦੇ ਸਾਂਝੇ ਯਤਨਾਂ ਸਦਕਾ, ਰੈੱਡ ਨੋਟਿਸ ਅਧੀਨ ਲੋੜੀਂਦੇ ਖ਼ਤਰਨਾਕ ਮੁਲਜ਼ਮ ਪ੍ਰਭਦੀਪ ਸਿੰਘ ਨੂੰ ਅਜ਼ਰਬਾਈਜਾਨ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਪ੍ਰਭਦੀਪ ਸਿੰਘ 'ਤੇ ਨਸ਼ੀਲੇ ਪਦਾਰਥਾਂ ਦੇ ਇੱਕ ਵੱਡੇ ਰੈਕੇਟ ਨੂੰ ਚਲਾਉਣ ਦਾ ਦੋਸ਼ ਹੈ।
ਪ੍ਰਭਦੀਪ ਸਿੰਘ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (NDPS) ਐਕਟ, 1958 ਦੀਆਂ ਗੰਭੀਰ ਧਾਰਾਵਾਂ ਤਹਿਤ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਮੁੱਖ ਮੁਲਜ਼ਮ ਸੀ। ਪੁਲਿਸ ਜਾਂਚ ਮੁਤਾਬਕ ਉਹ ਇਸ ਪੂਰੇ ਨਸ਼ਾ ਤਸਕਰੀ ਰੈਕੇਟ ਦਾ ਮਾਸਟਰਮਾਈਂਡ ਸੀ। ਇਸ ਮਾਮਲੇ ਵਿੱਚ ਪਹਿਲਾਂ ਹੀ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ ਅਤੇ ਕਈ ਸਹਿ-ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ, ਜਦਕਿ ਪ੍ਰਭਦੀਪ ਵਿਦੇਸ਼ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ।
ਮੁਲਜ਼ਮ ਦੀ ਵਿਦੇਸ਼ ਵਿੱਚ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ, ਦਿੱਲੀ ਪੁਲਿਸ ਦੀ ਸਿਫਾਰਸ਼ 'ਤੇ CBI ਨੇ ਇੰਟਰਪੋਲ ਦੇ ਸਹਿਯੋਗ ਨਾਲ ਉਸ ਵਿਰੁੱਧ ਰੈੱਡ ਨੋਟਿਸ ਜਾਰੀ ਕਰਵਾਇਆ ਸੀ। ਅਜ਼ਰਬਾਈਜਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਇਸ ਨੋਟਿਸ ਦੇ ਆਧਾਰ 'ਤੇ ਉਸ ਦੀ ਲੋਕੇਸ਼ਨ ਟਰੇਸ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉਸ ਦੀ ਹਵਾਲਗੀ (Extradition) ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।
ਲੰਬੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਦਿੱਲੀ ਪੁਲਿਸ ਦੀ ਇੱਕ ਤਿੰਨ ਮੈਂਬਰੀ ਵਿਸ਼ੇਸ਼ ਟੀਮ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਪਹੁੰਚੀ। ਕਾਨੂੰਨੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਉਪਰੰਤ, ਇਹ ਟੀਮ ਮੁਲਜ਼ਮ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 13 ਮਈ 2026 ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੀ।
ਪੁਲਿਸ ਅਧਿਕਾਰੀਆਂ ਅਨੁਸਾਰ, ਪ੍ਰਭਦੀਪ ਸਿੰਘ ਤੋਂ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਦੇ ਹੋਰ ਕੌਮਾਂਤਰੀ ਲਿੰਕਸ ਦਾ ਖੁਲਾਸਾ ਹੋਣ ਦੀ ਉਮੀਦ ਹੈ। ਇਸ ਕਾਰਵਾਈ ਨੂੰ ਭਾਰਤੀ ਏਜੰਸੀਆਂ ਦੀ ਵਿਦੇਸ਼ੀ ਧਰਤੀ 'ਤੇ ਲੁਕੇ ਅਪਰਾਧੀਆਂ ਨੂੰ ਫੜਨ ਦੀ ਵਚਨਬੱਧਤਾ ਵਜੋਂ ਦੇਖਿਆ ਜਾ ਰਿਹਾ ਹੈ।
Get all latest content delivered to your email a few times a month.