ਤਾਜਾ ਖਬਰਾਂ
ਉੱਤਰ ਪ੍ਰਦੇਸ਼ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਚੱਕਰਵਾਤੀ ਤੂਫ਼ਾਨ ਅਤੇ ਧੂੜ ਭਰੀ ਹਨੇਰੀ ਨੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ। ਕੁਦਰਤ ਦੇ ਇਸ ਕਹਿਰ ਕਾਰਨ ਸੂਬੇ ਭਰ ਵਿੱਚ ਹੁਣ ਤੱਕ 74 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਦਰਜਨਾਂ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਕਾਰਨ ਕਈ ਥਾਵਾਂ 'ਤੇ ਮਕਾਨ ਢਹਿ ਗਏ ਅਤੇ ਦਰੱਖਤ ਉਖੜ ਗਏ, ਜਿਸ ਨਾਲ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ ਹੈ।
ਸਰਕਾਰੀ ਅੰਕੜਿਆਂ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ, ਸਭ ਤੋਂ ਵੱਧ ਨੁਕਸਾਨ ਪ੍ਰਯਾਗਰਾਜ ਅਤੇ ਭਦੋਹੀ ਵਿੱਚ ਹੋਇਆ ਹੈ। ਜ਼ਿਲ੍ਹਾਵਾਰ ਮੌਤਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਪ੍ਰਯਾਗਰਾਜ: 17 ਮੌਤਾਂ (ਜਿਨ੍ਹਾਂ ਵਿੱਚ 5 ਔਰਤਾਂ ਅਤੇ 4 ਬੱਚੇ ਸ਼ਾਮਲ ਹਨ)।
ਭਦੋਹੀ: 16 ਲੋਕਾਂ ਦੀ ਜਾਨ ਗਈ।
ਮਿਰਜ਼ਾਪੁਰ: 14 ਲੋਕਾਂ ਦੀ ਮੌਤ।
ਫਤਿਹਪੁਰ: 9 ਮੌਤਾਂ।
ਬਦਾਯੂੰ: 5 ਮੌਤਾਂ।
ਉਨਾਓ ਤੇ ਬਰੇਲੀ: 4-4 ਮੌਤਾਂ।
ਕਾਨਪੁਰ ਦੇਹਾਤ (3), ਚੰਦੌਲੀ (2) ਅਤੇ ਸੋਨਭਦਰ (1) ਵਿੱਚ ਵੀ ਜਾਨੀ ਨੁਕਸਾਨ ਹੋਇਆ ਹੈ।
ਪ੍ਰਯਾਗਰਾਜ ਵਿੱਚ ਤੂਫ਼ਾਨ ਇੰਨਾ ਸ਼ਕਤੀਸ਼ਾਲੀ ਸੀ ਕਿ 16 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ 20 ਪਸ਼ੂਆਂ ਦੀ ਵੀ ਮੌਤ ਹੋ ਗਈ। ਏ.ਡੀ.ਐਮ. ਵਿਨੀਤਾ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਖ-ਵੱਖ ਤਹਿਸੀਲਾਂ ਤੋਂ ਡੇਟਾ ਇਕੱਠਾ ਕਰ ਰਿਹਾ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਮਿਰਜ਼ਾਪੁਰ ਵਿੱਚ ਵੀ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਕਾਰਨ ਕਈ ਲੋਕ ਮਲਬੇ ਹੇਠ ਦੱਬ ਗਏ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਕੁਦਰਤੀ ਆਫ਼ਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚਣ ਅਤੇ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਰਾਹਤ ਕਾਰਜ ਅਤੇ ਮੁਆਵਜ਼ੇ ਦੀ ਪ੍ਰਕਿਰਿਆ 24 ਘੰਟਿਆਂ ਦੇ ਅੰਦਰ ਪੂਰੀ ਕੀਤੀ ਜਾਵੇ।
ਰਾਜ ਸਰਕਾਰ ਵੱਲੋਂ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਪਰਿਵਾਰਾਂ ਲਈ ਵਿਸ਼ੇਸ਼ ਮੁਆਵਜ਼ਾ ਰਾਸ਼ੀ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਫਿਲਹਾਲ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ।
Get all latest content delivered to your email a few times a month.